ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਦੇ ਉਪ ਮੁਖੀ ਏਅਰ ਮਾਰਸ਼ਲ ਐਸਬੀ ਦਿਓ ਦੇ ਪੱਟ 'ਚ ਬੁੱਧਵਾਰ ਗੋਲੀ ਲੱਗ ਗਈ। ਸੂਤਰਾਂ ਮੁਤਾਬਕ ਉਨ੍ਹਾਂ ਦੇ ਆਪਣੇ ਹੱਥੋਂ ਹੀ ਚੱਲੀ ਗੋਲੀ ਉਨ੍ਹਾਂ ਦੇ ਵੱਜ ਗਈ। ਦੱਸਿਆ ਜਾ ਰਿਹਾ ਹੈ ਕਿ ਸਰਵਿਸ ਰਿਵਾਲਵਰ ਜਾਮ ਹੋਣ ਕਰਕੇ ਗੋਲੀ ਚੱਲੀ।


ਇੱਕ ਅਧਿਕਾਰੀ ਨੇ ਦੱਸਿਆ ਕਿ ਏਅਰ ਮਾਰਸ਼ਲ ਨੂੰ ਤੁਰੰਤ ਸੈਨਿਕ ਹਸਪਤਾਲ ਲਿਜਾਇਆ ਗਿਆ ਜਿੱਥੇ ਸਰਜ਼ਰੀ ਤੋਂ ਬਾਅਦ ਉਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਜੁਲਾਈ 'ਚ ਹਵਾਈ ਸੈਨਾ ਦੇ ਉੱਪ ਮੁਖੀ ਦਾ ਅਹੁਦਾ ਸੰਭਾਲਿਆ ਸੀ।


ਏਅਰ ਮਾਰਸ਼ਲ ਦਿਓ ਨੇ ਫਾਇਟਰ ਪਾਇਲਟ ਦੇ ਤੌਰ 'ਤੇ 15 ਜੂਨ, 1979 'ਚ ਹਵਾਈ ਸੈਨਾ 'ਚ ਕਮਿਸ਼ਨ ਲਿਆ ਸੀ। ਉਹ ਨੈਸ਼ਨਲ ਡਿਫੈਂਸ ਅਕਾਦਮੀ ਤੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੇਲਿੰਗਟਨ ਦੇ ਵਿਦਿਆਰਥੀ ਰਹਿ ਚੁੱਕੇ ਹਨ।