ਚੰਡੀਗੜ੍ਹ: ਭਾਰਤੀ ਫ਼ੌਜ ਨੇ ਜੰਮੂ-ਕਸ਼ਮੀਰ ਵਿੱਚ ਅੱਤਵਾਦ ਖ਼ਿਲਾਫ਼ ਮੁੜ ਤੋਂ ਕਾਮਯਾਬੀ ਹਾਸਲ ਕੀਤੀ ਹੈ ਸੁਰੱਖਿਆਬਲਾਂ ਨੇ ਕਸ਼ਮੀਰ ਦੇ ਕਿਸ਼ਤਵਾੜ ਇਲਾਕੇ ਵਿੱਚ ਰਹਿਕੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਖੂਫੀਆ ਜਾਣਕਾਰੀ ਸਾਂਝੀ ਕਰਨ ਦੇ ਇਲਜ਼ਾਮ ਵਿੱਚ ਇੱਕ ਮੌਲਵੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫ਼ੌਜ ਨੇ ਸ਼ਨੀਵਾਰ ਨੂੰ 22 ਸਾਲਾ ਮੌਲਵੀ ਅਬਦੁਲ ਵਾਹਿਦ ਨੂੰ ਕਿਸ਼ਤਵਾੜ ਇਲਾਕੇ ਵਿੱਚ ਵਿੱਚ ਸੂਹ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਹੈ।


ਕਿਹਾ ਜਾ ਰਿਹਾ ਹੈ ਕਿ ਅਬਦੁਲ ਵਾਹਿਦ ਪਾਕਿਸਤਾਨ ਦੇ ਅੱਤਵਾਦੀ ਸਮੂਹ ਕਸ਼ਮੀਰੀ ਜਾਂਬਾਜ ਫੋਰਸ ਲਈ ਕੰਮ ਕਰਦਾ ਸੀ। ਵਾਹਿਦ ਦਾ ਕੰਮ ਕਿਸ਼ਤਵਾੜ ਵਿੱਚ ਰਹਿਕੇ ਫ਼ੌਜ ਤੇ ਪ੍ਰਸ਼ਾਸਨ ਨਾਲ ਜੁੜੀ ਖੂਫੀਆ ਜਾਣਕਾਰੀ ਇਕੱਠੀ ਕਰਕੇ ਉਸ ਨੂੰ ਪਾਕਿਸਤਾਨ ਭੇਜਣਾ ਸੀ। ਇਸ ਤੋਂ ਇਲਾਵਾ ਉਹ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ.ਐੱਸ.ਆਈ ਦੇ ਸਪੰਰਕ ਵਿੱਚ ਸੀ।


ਗ੍ਰਿਫ਼ਤਾਰ ਮੌਲਵੀ ਦੇ ਦੂਜੇ ਟਿਕਾਣਿਆਂ 'ਤੇ ਵੀ ਛਾਪੇਮਾਰੀ


ਜ਼ਿਕਰ ਕਰ ਦਈਏ ਕਿ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਗਰੁੱਪ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਦੇ ਆਧਾਰ ਤੇ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ। ਸੁਰੱਖਿਆ ਬਲਾਂ ਨੇ ਮੌਲਵੀ ਅਬਦੁਲ ਵਾਹਿਦ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਤੇ ਨਾਲ ਹੀ ਮੌਲਵੀ ਦੇ ਦੂਜੇ ਟਿਕਾਣਿਆਂ ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮਿਲਟਰੀ ਇੰਟੈਲੀਜੈਂਸ ਤੇ ਸਥਾਨਕ ਪੁਲਿਸ ਨੇ ਇੱਕ ਸਾਂਝਾ ਆਪ੍ਰੇਸ਼ਨ ਕਰਨ ਤੋਂ ਬਾਅਦ 22 ਸਾਲਾ ਮੌਲਵੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਕਿਸ਼ਤਵਾੜ ਚ ਸਥਿੱਤ ਇੱਕ ਮਸਜਿਦ ਵਿੱਚ ਤਾਲੀਮ ਦਿੰਦਾ ਸੀ।


ਮੌਲਵੀ ਨੇ ਕਬੂਲੀ ਜਾਸੂਸੀ ਦੀ ਗੱਲ


ਮੌਲਵੀ ਵਾਹਿਦ ਨੇ ਫ਼ੌਜ ਦੀ ਜਾਂਚ ਦੌਰਾਨ ਕਬੂਲਿਆ ਕਿ ਉਹ ਕਿਸ਼ਤਵਾੜ ਵਿੱਚ ਫ਼ੌਜ ਨਾਲ ਜੁੜੀ ਗੁੱਝੀ ਜਾਣਕਾਰੀ ਪਾਕਿਸਤਾਨ ਭੇਜਦਾ ਸੀ। ਪੁਲਿਸ ਨੇਕਿਹਾ ਕਿ ਮੌਲਵੀ ਵਾਹਿਦ ਤੇ ਫ਼ੌਜ ਨਾਲ ਸਬੰਧਤ ਖੂਫੀਆ ਜਾਣਕਾਰੀ ਸਾਂਝੀ ਕਰਨ ਦਾ ਇਲਜ਼ਾਮ ਹੈ ਜਿਸ ਨੂੰ ਉਸ ਨੇ ਜਾਂਚ ਦੌਰਾਨ ਕਬੂਲਿਆ ਹੈ ਜਿਸ ਤੋਂ ਬਾਅਦ ਹੁਣ ਉਸ ਨੂੰ ਅਦਾਲਤ ਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਸ ਦੇ ਹੋਰ ਟਿਕਾਣਿਆਂ ਤੇ ਨੈੱਟਵਰਕ ਦੀ ਘੋਖ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਖ਼ੁਲਾਸੇ ਹੋ ਸਕਣ।


ਇਹ ਵੀ ਪੜ੍ਹੋ: ਪਾਕਿਸਤਾਨ 'ਚ ਤਬਾਹੀ: ਇਕ ਤਿਹਾਈ ਹਿੱਸਾ ਪਾਣੀ 'ਚ ਡੁੱਬਿਆ, 1200 ਤੋਂ ਜ਼ਿਆਦਾ ਲੋਕਾਂ ਦੀ ਮੌਤ, 3 ਕਰੋੜ ਲੋਕ ਪ੍ਰਭਾਵਿਤ