ਨਵੀਂ ਦਿੱਲੀ: ਕਸ਼ਮੀਰ ਦੇ ਉੜੀ ਵਿੱਚ ਆਰਮੀ ਹੈੱਡਕੁਆਟਰ ਉੱਤੇ ਹੋਏ ਦਹਿਸ਼ਤਗਰਦ ਹਮਲੇ ਸਬੰਧੀ ਭਾਰਤੀ ਸੈਨਾ ਵੱਲੋਂ ਬਦਲਾ ਲੈਣ ਦਾ ਵੱਡਾ ਖ਼ੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਹਮਲੇ ਤੋਂ ਬਾਅਦ ਭਾਰਤੀ ਸੈਨਾ ਨੇ ਕੌਮਾਂਤਰੀ ਸੀਮਾ ਪਾਰ ਕਰਕੇ ਪਾਕਿਸਤਾਨ ਦੇ ਇਲਾਕੇ ਵਿੱਚ ਜਾ ਕੇ ਅੱਤਵਾਦੀਆਂ ਦੇ ਟਰੇਨਿੰਗ ਕੈਂਪਾਂ ਉੱਤੇ ਧਾਵਾ ਬੋਲਿਆ। ਭਾਰਤੀ ਸੈਨਾ ਦੀ ਸਪੈਸ਼ਲ ਟੀਮ ਵੱਲੋਂ ਕੀਤੀ ਗਈ ਇਸ ਕਾਰਵਾਈ ਵਿੱਚ 20 ਦਹਿਸ਼ਤਗਰਦ ਮਾਰੇ ਗਏ। ਇਸ ਗੱਲ ਦਾ ਦਾਅਵਾ The Quint ਮੀਡੀਆ ਨੇ ਕੀਤਾ ਹੈ।

ਸੈਨਾ ਦੀ ਇਸ ਕਾਰਵਾਈ ਦੀ ਸਰਕਾਰ ਨੇ ਕੋਈ ਪੁਸ਼ਟੀ ਨਹੀਂ ਕੀਤੀ। The Quint ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਭਾਰਤੀ ਸੈਨਾ ਦੀ ਸਪੈਸ਼ਲ ਫੋਰਸ ਨੇ ਉੜੀ ਸੈਕਟਰ ਨਾਲ ਲੱਗਦੀ ਕੌਮਾਂਤਰੀ ਸੀਮਾ ਪਾਰ ਕੀਤੀ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਮੌਜੂਦ ਤਿੰਨ ਦਹਿਸ਼ਤਗਰਦ ਟਰੇਨਿੰਗ ਕੈਂਪ ਤਬਾਹ ਕਰ ਦਿੱਤੇ। ਸੈਨਾ ਦੀ ਇਸ ਕਾਰਵਾਈ ਵਿੱਚ 20 ਦਹਿਸ਼ਤਗਰਦ ਮਾਰੇ ਗਏ ਤੇ 200 ਦੇ ਕਰੀਬ ਜ਼ਖਮੀ ਹੋ ਗਏ। ਰਿਪੋਰਟ ਅਨੁਸਾਰ ਕਸ਼ਮੀਰ ਵਿੱਚ ਤਾਇਨਾਤ ਭਾਰਤੀ ਸੈਨਾ ਦੀ ਇੱਕ ਇਲੀਟ ਫੋਰਸ ਜੋ 2 Paras ਅਖਵਾਉਂਦੀ ਹੈ, ਦੀਆਂ ਦੋ ਯੂਨਿਟਾਂ ਨੇ ਇਸ ਓਪਰੇਸ਼ਨ ਨੂੰ ਪੂਰਾ ਕੀਤਾ।

ਰਿਪੋਰਟ ਅਨੁਸਾਰ 18 ਤੋਂ 20 ਕਮਾਂਡੋ ਜਵਾਨਾਂ ਨੇ ਸੈਨਾ ਦੇ ਹੈਲੀਕਾਪਟਰ ਵਿੱਚ ਉਡਾਣ ਭਰੀ। ਇਸ ਤੋਂ ਬਾਅਦ ਐਲਓਸੀ ਪਾਰ ਕੀਤੀ ਅਤੇ ਪੀਓਕੇ ਦੇ ਹਿੱਸੇ ਵਿੱਚ ਉੱਤਰੇ ਤੇ ਅਪਰੇਸ਼ਨ ਨੂੰ ਪੂਰਾ ਕੀਤਾ। ਦੂਜੇ ਪਾਸੇ ਭਾਰਤੀ ਸੈਨਾ ਅਜਿਹੀ ਕਿਸੇ ਵੀ ਕਾਰਵਾਈ ਤੋਂ ਇਨਕਾਰ ਕਰ ਰਹੀ ਹੈ।  The Quint ਅਨੁਸਾਰ ਸੈਨਾ ਨੇ ਇਹ ਕਾਰਵਾਈ 20 ਅਤੇ 21 ਸਤੰਬਰ ਨੂੰ ਕੀਤੀ। ਦੂਜੇ ਪਾਸੇ ਐਲ.ਓ.ਸੀ. ਉੱਤੇ ਹਲਚਲ ਨੂੰ ਦੇਖਦੇ ਹੋਏ ਪਾਕਿਸਤਾਨ ਨੇ ਗਿਲਗਿਤ ਤੇ ਸਕਰੂਦ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।