ਨਵੀਂ ਦਿੱਲੀ: ਹਥਿਆਰਬੰਦ ਬਲ ਖਾੜੀ ਦੇਸ਼ਾਂ ਤੇ ਹੋਰ ਇਲਾਕਿਆਂ 'ਚ ਫਸੇ ਹਜ਼ਾਰਾਂ ਭਾਰਤੀਆਂ ਨੂੰ ਦੇਸ਼ ਵਾਪਸ ਲਿਆਉਣ 'ਚ ਆਪਣੀ ਭੂਮਿਕਾ ਅਦਾ ਕਰਨ ਲਈ ਤਿਆਰ ਹੈ। ਸੀਨੀਅਰ ਅਧਿਕਾਰੀਆਂ ਮੁਤਾਬਕ ਹਵਾਈ ਜਹਾਜ਼ ਤੇ ਜਲਸੈਨਿਕ ਜਹਾਜ਼ਾਂ ਨੂੰ ਪੂਰੀ ਤਰ੍ਹਾਂ ਤਿਆਰ ਰੱਖਿਆ ਗਿਆ ਹੈ। ਸਰਕਾਰ ਲੌਕਡਾਊਨ ਕਾਰਨ ਦੁਨੀਆਂ ਦੇ ਵੱਖ-ਵੱਖ ਹਿੱਸਿਆਂ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਇਕ ਵੱਡੀ ਯੋਜਨਾ 'ਤੇ ਕੰਮ ਕਰ ਰਹੀ ਹੈ। ਪ੍ਰਮੁੱਖ ਰੱਖਿਆ ਮੁਖੀ ਜਨਰਲ ਵਿਪਿਨ ਰਾਵਤ ਨੇ ਤਿੰਨੇ ਫੌਜ ਮੁਖੀਆਂ ਨਾਲ ਇਕ ਪ੍ਰੈਸ ਕਾਨਫਰੰਸ ਸੰਬੋਧਨ ਕਰਦਿਆਂ ਕਿਹਾ ਜੋ ਵੀ ਸਹਾਇਤਾ ਦੀ ਲੋੜ ਹੈ ਅਸੀਂ ਉਸ ਨੂੰ ਪੂਰਾ ਕਰਾਂਗੇ।
ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਨੇ ਕਿਹਾ ਮਾਲਵਾਹਕ ਜਹਾਜ਼ਾਂ ਦਾ ਇਕ ਬੇੜਾ ਪੂਰੀ ਤਰ੍ਹਾਂ ਤਿਆਰ ਹੈ। ਜਲਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਕਿਹਾ ਕਿ ਜਲਸੈਨਾ ਵੀ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹੈ।
ਕੋਰੋਨਾਵਾਇਰਸ ਨੇ ਦੁਨੀਆਂ ਭਰ 'ਚ ਹਲਚਲ ਮਚਾ ਰੱਖੀ ਹੈ। ਅਜਿਹੇ 'ਚ ਹਰ ਦੇਸ਼ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਯਤਨਾਂ 'ਚ ਮਸ਼ਰੂਫ ਹੈ।
ਦੁਨੀਆਂ ਦੇ ਕਰੀਬ 212 ਦੇਸ਼ਾਂ ਨੂੰ ਕੋਰੋਨਾਵਾਇਰਸ ਨੇ ਪ੍ਰਭਾਵਿਤ ਕੀਤਾ ਹੈ। ਵਰਲਡੋਮੀਟਰ ਮੁਤਾਬਕ ਦੁਨੀਆਂ 'ਚ ਹੁਣ ਤਕ 33 ਲੱਖ, 98 ਹਜ਼ਾਰ 473 ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਹਨ।