Salary Hike: ਅਰਥਚਾਰੇ 'ਚ ਸੁਧਾਰ ਦੀ ਉਮੀਦ ਤੇ ਸਖ਼ਤ ਮੁਕਾਬਲੇ ਵਿਚਕਾਰ ਇੱਕ ਸਰਵੇਖਣ ਅਨੁਸਾਰ ਇਸ ਸਾਲ 97.5 ਫ਼ੀਸਦੀ ਭਾਰਤੀ ਕੰਪਨੀਆਂ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਔਸਤਨ 8.8 ਫ਼ੀਸਦੀ ਦਾ ਵਾਧਾ ਕਰਨਗੀਆਂ। ਸਾਲ 2022 'ਚ ਭਾਰਤੀ ਮੁਲਾਜ਼ਮਾਂ ਦੀ ਔਸਤ ਤਨਖਾਹ 'ਚ 9.4% ਦਾ ਵਾਧਾ ਹੋ ਸਕਦਾ ਹੈ।
ਮਤਲਬ ਮਹਾਂਮਾਰੀ ਦੌਰਾਨ ਵੀ ਮੁਲਾਜ਼ਮਾਂ ਦੀ ਤਨਖਾਹ 'ਚ ਵਾਧੇ ਦੀ ਉਮੀਦ ਹੈ। ਮੰਗਲਵਾਰ ਨੂੰ ਜਾਰੀ ਕੀਤੇ ਗਏ ਏਓਨ ਦੇ 26ਵੇਂ ਸਾਲਾਨਾ ਤਨਖਾਹ ਵਾਧੇ ਦੇ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ ਹੈ। ਸਰਵੇਖਣ ਅਨੁਸਾਰ ਜ਼ਿਆਦਾਤਰ ਕੰਪਨੀਆਂ 2022 ਬਾਰੇ ਆਸ਼ਾਵਾਦੀ ਹਨ।
ਅਨੁਮਾਨਿਤ ਤਨਖਾਹ 2018 ਤੋਂ ਬਾਅਦ ਸਭ ਤੋਂ ਵੱਧ : ਸਰਵੇਖਣ
ਕੰਸਲਟਿੰਗ ਫਰਮ ਏਓਨ ਨੇ ਲਗਪਗ 1350 ਕੰਪਨੀਆਂ ਦੇ ਆਪਣੇ ਇੰਡੀਆ ਵੇਜ ਗ੍ਰੋਥ ਸਰਵੇ 'ਚ ਕਿਹਾ ਕਿ ਅਨੁਮਾਨਿਤ ਤਨਖਾਹ ਵਾਧਾ 2018 ਤੋਂ ਬਾਅਦ ਸਭ ਤੋਂ ਵੱਧ ਹੈ, ਜਦੋਂ ਔਸਤ ਵਾਧਾ 9.5% ਸੀ। 7 ਸਾਲ ਦੇ ਦੋਹਰੇ ਅੰਕਾਂ ਦੇ ਵਾਧੇ ਤੋਂ ਬਾਅਦ ਸਾਲ 2017 ਵਿੱਚ ਭਾਰਤ 'ਚ ਔਸਤ ਤਨਖਾਹ ਵਾਧੇ ਦੇ ਅੰਕੜੇ ਘੱਟ ਕੇ 9.3% ਰਹਿ ਗਏ। ਇਸ ਤੋਂ ਬਾਅਦ ਦੇ ਸਾਲਾਂ 'ਚ 9.5%, 9.3%, 6.1% ਤੇ 8.8% ਹੋ ਗਏ ਸਨ।
ਸਰਵੇਖਣ ਅਨੁਸਾਰ ਵੱਖ-ਵੱਖ ਖੇਤਰਾਂ ਦੀਆਂ ਭਾਵਨਾਵਾਂ ਸਕਾਰਾਤਮਕ ਹਨ ਅਤੇ ਭਾਰਤੀ ਕੰਪਨੀਆਂ ਮੁੜ ਸੁਰਜੀਤੀ ਦੇ ਰਾਹ 'ਤੇ ਹਨ। ਜ਼ਿਆਦਾਤਰ ਕੰਪਨੀਆਂ ਅਨੁਸਾਰ 2021-22 ਵਿੱਚ ਤਨਖਾਹ ਵਾਧਾ 2018-19 ਦੇ ਪੱਧਰ 'ਤੇ ਪਹੁੰਚ ਜਾਵੇਗਾ।
ਕੰਪਨੀਆਂ ਗ੍ਰੋਥ ਨੂੰ ਮੈਨੇਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ
ਸਰਵੇਖਣ 'ਚ ਕਿਹਾ ਹੈ ਕਿ 2021 'ਚ ਮੁੱਖ ਤੌਰ 'ਤੇ ਟੈਲੇਂਟ ਦੀ ਸੱਭ ਤੋਂ ਵੱਧ ਮੰਗ ਵੇਖੀ ਗਈ ਤੇ ਅਸਲ ਤਨਖਾਹ ਵਾਧੇ ਨੂੰ 7.7% ਦੇ ਅਨੁਮਾਨ ਦੇ ਮੁਕਾਬਲੇ 8.8% ਤਕ ਪਹੁੰਚਾ ਦਿੱਤਾ, ਕਿਉਂਕਿ ਅਰਥਚਾਰਾ ਹੌਲੀ-ਹੌਲੀ ਪਟੜੀ 'ਤੇ ਆ ਰਿਹਾ ਹੈ ਤੇ ਕੰਪਨੀਆਂ ਦੂਜੀ ਲਹਿਰ ਨਾਲ ਨਜਿੱਠਣ ਤੇ ਗ੍ਰੋਥ ਨੂੰ ਮੈਨੇਜ਼ ਕਰਨ ਲਈ ਲਚਕਦਾਰ ਹੋ ਰਹੀਆਂ ਹਨ। ਇਸ ਦੇ ਨਾਲ ਹੀ ਸਰਵੇਖਣ 'ਚ ਇਹ ਵੀ ਕਿਹਾ ਗਿਆ ਹੈ ਕਿ ਫ਼ਰਮਾਂ ਨੇ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਔਸਤ ਤਨਖਾਹ ਵਾਧੇ ਦਾ 1.7 ਗੁਣਾ ਭੁਗਤਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ।
ਟੈਕਨੋਲਾਜੀ ਸੈਕਟਰ ਬਣਿਆ ਸਭ ਤੋਂ ਵਧੀਆ ਪੇਅ-ਮਾਸਟਰ
ਟੈਕਨੋਲਾਜੀ ਸੈਕਟਰ 2022 'ਚ ਔਸਤਨ 11.2% ਦੇ ਵਾਧੇ ਦੇ ਨਾਲ ਸਰਬੋਤਮ ਪੇਅ-ਮਾਸਟਰ ਬਣਿਆ ਹੋਇਆ ਹੈ। ਇਸ ਤੋਂ ਬਾਅਦ ਪ੍ਰੋਫ਼ੈਸ਼ਨਲ ਸਰਵਿਸਿਜ਼ ਅਤੇ ਈ-ਕਾਮਰਸ ਫਰਮਾਂ ਹਨ, ਜਿਨ੍ਹਾਂ ਤੋਂ 10.6% ਦੇ ਵਾਧੇ ਦੀ ਉਮੀਦ ਹੈ। ਇਸੇ ਤਰ੍ਹਾਂ ਆਈਟੀ, ਲਾਈਫ਼ ਸਾਇੰਸ ਤੇ ਫਾਰਮਾ ਤੇ ਕੰਜਿਊਮਰ ਗੁਡਸ ਸੈਕਟਰ 9.2-9.6% ਤਨਖਾਹ ਵਾਧੇ ਦੀ ਪੇਸ਼ਕਸ਼ ਕਰਨ ਲਈ ਤਿਆਰ ਹੈ।
ਐਨਰਜੀ ਸੈਕਟਰ 'ਚ ਸਭ ਤੋਂ ਘੱਟ ਤਨਖਾਹ ਵਾਧਾ ਵੇਖਣ ਨੂੰ ਮਿਲੇਗਾ
ਇੱਥੋਂ ਤਕ ਕਿ ਰੀਅਲ ਅਸਟੇਟ ਤੇ ਇਨਫ਼ਰਾਸਟਰੱਕਚਰ ਦੇ 2021 ਵਿੱਚ 6.2% ਦੇ ਮੁਕਾਬਲੇ 8.8% ਦੇ ਵਾਧੇ ਦਾ ਭੁਗਤਾਨ ਕਰਨ ਦੀ ਉਮੀਦ ਹੈ। ਇਸੇ ਤਰ੍ਹਾਂ ਹੌਸਪੀਟੈਲਿਟੀ ਅਤੇ ਰੈਸਟੋਰੈਂਟ ਸੈਕਟਰ 'ਚ 7.9% ਦੇ ਵਾਧੇ ਦੀ ਉਮੀਦ ਹੈ। ਸਰਵੇਖਣ ਅਨੁਸਾਰ ਊਰਜਾ ਤੇ ਇੰਜਨੀਅਰਿੰਗ ਡਿਜ਼ਾਈਨ ਸੇਵਾਵਾਂ ਮੁੱਖ ਖੇਤਰਾਂ 'ਚ ਸਭ ਤੋਂ ਘੱਟ ਤਨਖਾਹ ਵਾਧਾ (7.7%) ਪ੍ਰਦਾਨ ਕਰਨਗੀਆਂ। ਇਸ 'ਚ ਕਿਹਾ ਗਿਆ ਹੈ ਕਿ ਐਨਰਜੀ ਸੈਕਟਰ 'ਚ 2022 ਵਿੱਚ ਮੁਲਾਜ਼ਮਾਂ ਦੇ ਤਨਖਾਹ ਵਾਧੇ 'ਚ 7.7% ਦੀ ਗਿਰਾਵਟ ਵੇਖਣ ਨੂੰ ਮਿਲੇਗੀ, ਜੋ ਕਿ ਪਹਿਲਾਂ 8.2% ਸੀ।