Indian students died abroad: ਵਿਦੇਸ਼ੀ ਧਰਤੀ ਉਪਰ ਭਾਰਤੀ ਵਿਦਿਆਰਥੀਆਂ ਦੀ ਮੌਤਾਂ ਦਾ ਮਾਮਲਾ ਗਰਮਾ ਗਿਆ ਹੈ। ਵਿਦੇਸ਼ਾਂ ’ਚ ਭਾਰਤੀ ਵਿਦਿਆਰਥੀਆਂ ਦੀ ਮੌਤ ’ਤੇ ਚਿੰਤਾ ਜ਼ਾਹਿਰ ਕਰਦਿਆਂ ਰਾਜ ਸਭਾ ’ਚ ਕਾਂਗਰਸ ਦੇ ਆਗੂ ਕੇਸੀ ਵੇਣੂਗੋਪਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਘਟਨਾਵਾਂ ਦੀ ‘ਨਫਰਤੀ ਅਪਰਾਧ’ ਦੇ ਪੱਖ ਤੋਂ ਜਾਂਚ ਕੀਤੀ ਜਾਵੇ। ਰਾਜ ਸਭਾ ’ਚ ਸਿਫਰ ਕਾਲ ਦੌਰਾਨ ਇਹ ਗੰਭੀਰ ਮਸਲਾ ਚੁਕਦਿਆਂ ਵੇਣੂਗੋਪਾਲ ਨੇ ਕਿਹਾ ਕਿ ਲੋਕ ਸਭਾ ’ਚ ਵਿਦੇਸ਼ ਮੰਤਰੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ 2018 ਤੋਂ ਹੁਣ ਤੱਕ 403 ਭਾਰਤੀ ਵਿਦਿਆਰਥੀਆਂ ਦੀ ਵਿਦੇਸ਼ਾਂ ’ਚ ਮੌਤ ਹੋਈ ਹੈ।
ਵਿਦੇਸ਼ ਮੰਤਰੀ ਵੱਲੋਂ ਮੁਹੱਈਆ ਕੀਤੀ ਸੂਚਨਾ ਦੇ ਹਵਾਲੇ ਨਾਲ ਵੇਣੂਗੋਪਾਲ ਨੇ ਕਿਹਾ ਇਸ ਸੂਚੀ ਵਿੱਚ ਕੈਨੇਡਾ ਸਿਖਰ ’ਤੇ ਜਿੱਥੇ ਅਜਿਹੀਆਂ 91 ਘਟਨਾਵਾਂ ਵਾਪਰੀਆਂ ਹਨ। ਇਸ ਤੋਂ ਬਾਅਦ 48 ਮਾਮਲਿਆਂ ਨਾਲ ਬਰਤਾਨੀਆ ਦਾ ਦੂਜਾ ਸਥਾਨ ਹੈ। ਅਮਰੀਕਾ ਵਿੱਚ ਇਸ ਸਾਲ ਜਨਵਰੀ ਮਹੀਨੇ ਵਿੱਚ ਹੀ ਚਾਰ ਭਾਰਤੀਆਂ ਜਾਂ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਪੜ੍ਹਾਈ ਕਰਨ ਲਈ ਜਾਣ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਂਝੇ ਯਤਨ ਕੀਤੇ ਜਾਣੇ ਚਾਹੀਦੇ ਹਨ।
ਦੱਸ ਦਈਏ ਕਿ ਭਾਰਤ ਸਰਕਾਰ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਨੂੰ ਦੱਸਿਆ ਸੀ ਕਿ 2018 ਤੋਂ ਲੈ ਕੇ ਹੁਣ ਤੱਕ ਕੁਦਰਤੀ ਕਾਰਨਾਂ, ਦੁਰਘਟਨਾਵਾਂ ਤੇ ਮੈਡੀਕਲ ਕੰਡੀਸ਼ਨ ਸਮੇਤ ਵੱਖ-ਵੱਖ ਕਾਰਨਾਂ ਕਰਕੇ ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਮੌਤ ਦੀਆਂ ਕੁੱਲ 403 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਕੈਨੇਡਾ 91 ਮਾਮਲਿਆਂ ਦੇ ਨਾਲ ਸਭ ਤੋਂ ਉੱਪਰ ਹੈ ਤੇ ਯੂਕੇ ਵਿੱਚ 48 ਮਾਮਲੇ ਹਨ।
ਇਹ ਖੁਲਾਸਾ ਕਰਦਿਆਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਭਲਾਈ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ। ਜੈਸ਼ੰਕਰ ਵਿਦੇਸ਼ਾਂ 'ਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ 'ਤੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ।
ਜੈਸ਼ੰਕਰ ਨੇ 2018 ਤੋਂ ਵਿਦੇਸ਼ਾਂ ਵਿੱਚ ਹੋਈਆਂ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦੇ ਦੇਸ਼-ਵਾਰ ਵੇਰਵੇ ਵੀ ਪ੍ਰਦਾਨ ਕੀਤੇ। ਅੰਕੜਿਆਂ ਮੁਤਾਬਕ ਕੈਨੇਡਾ ਵਿੱਚ 91, ਯੂਕੇ ਵਿੱਚ 48, ਰੂਸ ਵਿੱਚ 40, ਅਮਰੀਕਾ ਵਿੱਚ 36, ਆਸਟਰੇਲੀਆ ਵਿੱਚ 35, ਯੂਕਰੇਨ ਵਿੱਚ 21 ਤੇ ਜਰਮਨੀ ਵਿੱਚ 20 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ। ਅੰਕੜਿਆਂ ਅਨੁਸਾਰ ਸਾਈਪ੍ਰਸ ਵਿੱਚ 14 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ, ਫਿਲੀਪੀਨਜ਼ ਤੇ ਇਟਲੀ ਵਿੱਚ 10-10 ਤੇ ਕਤਰ, ਚੀਨ ਤੇ ਕਿਰਗਿਸਤਾਨ ਵਿੱਚ 9-9 ਵਿਦਿਆਰਥੀ ਮਾਰੇ ਗਏ।