ਚੰਡੀਗੜ੍ਹ: ਭਾਰਤ-ਪਾਕਿ ਸਰਹੱਦ 'ਤੇ ਮੁੜ ਤਣਾਅ ਵਧਦਾ ਜਾ ਰਿਹਾ ਹੈ। ਭਾਰਤੀ ਫ਼ੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਕੰਟਰੋਲ ਰੇਖਾ ਦੇ ਨਾਲ ਹਾਲਾਤ ਕਦੇ ਵੀ ਵਿਗੜ ਸਕਦੇ ਹਨ। ਦੇਸ਼ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਲਗਾਤਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪਾਕਿਸਤਾਨ ਨੇ ਅਗਸਤ ਤੋਂ ਅਕਤੂਬਰ ਤੱਕ 950 ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ।


ਉਧਰ, ਪਾਕਿਸਤਾਨ ਦਾ ਦਾਅਵਾ ਹੈ ਕਿ ਭਾਰਤ ਨੇ ਸਰਹੱਦ 'ਤੇ ਮਿਜ਼ਾਈਲਾਂ ਬੀੜ ਦਿੱਤੀਆਂ ਹਨ। ਇਸ ਲਈ ਗੁਆਂਢੀ ਮੁਲਕ ਦੇ ਇਰਾਦੇ ਨੇਕ ਨਹੀਂ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਵੱਖ-ਵੱਖ ਤਰ੍ਹਾਂ ਦੀਆਂ ਮਿਜ਼ਾਈਲਾਂ ਦੇ ਪ੍ਰੀਖਣ ਕਰਦਿਆਂ ਸਰਹੱਦ ’ਤੇ ਉਨ੍ਹਾਂ ਨੂੰ ਬੀੜ ਦਿੱਤਾ ਹੈ।

ਕੁਰੈਸ਼ੀ ਨੇ ਖ਼ਦਸ਼ਾ ਜਤਾਇਆ ਕਿ ਭਾਰਤ ਕਸ਼ਮੀਰ ਦੇ ‘ਮਾੜੇ ਹਾਲਾਤ’ ਤੋਂ ਦੁਨੀਆਂ ਦਾ ਧਿਆਨ ਹਟਾਉਣ ਲਈ ਉਨ੍ਹਾਂ ਦੇ ਮੁਲਕ ’ਤੇ ਹਮਲਾ ਕਰ ਸਕਦਾ ਹੈ। ਕੁਰੈਸ਼ੀ ਨੇ 12 ਦਸੰਬਰ ਨੂੰ ਲਿਖੇ ਸੱਤਵੇਂ ਪੱਤਰ ’ਚ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੇ ਸਕੱਤਰ ਜਨਰਲ ਨੂੰ ਕਿਹਾ ਹੈ ਕਿ ਪਹਿਲਾਂ ਤੋਂ ਤਣਾਅਗ੍ਰਸਤ ਦੱਖਣੀ ਏਸ਼ੀਆ ’ਚ ਭਾਰਤ ਦੀਆਂ ਕਾਰਵਾਈਆਂ ਹੋਰ ਤਣਾਅ ਪੈਦਾ ਕਰ ਰਹੀਆਂ ਹਨ।

ਵਿਦੇਸ਼ ਦਫ਼ਤਰ ਨੇ ਕਿਹਾ ਕਿ ਕੁਰੈਸ਼ੀ ਨੇ ਪੱਤਰ ’ਚ ਕਿਹਾ ਹੈ ਕਿ ਭਾਰਤ ਵੱਲੋਂ ਵੱਖ ਵੱਖ ਰੇਂਜਾਂ ਤੇ ਸਮਰੱਥਾ ਵਾਲੀਆਂ ਮਿਜ਼ਾਈਲਾਂ ਸਰਹੱਦ ਨੇੜੇ ਤਾਇਨਾਤ ਕੀਤੀਆਂ ਗਈਆਂ ਹਨ। ਪਿਛਲੇ ਕੁਝ ਮਹੀਨਿਆਂ ਤੋਂ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ਤੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੂੰ ਲਿਖੇ ਪੱਤਰਾਂ ’ਚ ਕੁਰੈਸ਼ੀ ਕਸ਼ਮੀਰ ਦੇ ਹਾਲਾਤ ਬਾਰੇ ਰੌਸ਼ਨੀ ਪਾ ਚੁੱਕੇ ਹਨ।