All panchayats : ਦੇਸ਼ ਭਰ ਦੀਆਂ ਸਾਰੀਆਂ ਪੰਚਾਇਤਾਂ ਇਸ ਸੁਤੰਤਰਤਾ ਦਿਵਸ ਤੋਂ ਵਿਕਾਸ ਕਾਰਜਾਂ ਅਤੇ ਮਾਲੀਆ ਇਕੱਠਾ ਕਰਨ ਲਈ ਲਾਜ਼ਮੀ ਤੌਰ 'ਤੇ ਡਿਜੀਟਲ ਭੁਗਤਾਨ ਸੇਵਾ ਦੀ ਵਰਤੋਂ ਕਰਨਗੀਆਂ ਅਤੇ ਉਨ੍ਹਾਂ ਨੂੰ ਯੂਪੀਆਈ (Unified Payments Interface) ਉਪਭੋਗਤਾ ਵਜੋਂ ਘੋਸ਼ਿਤ ਕੀਤਾ ਜਾਵੇਗਾ। ਪੰਚਾਇਤੀ ਰਾਜ ਮੰਤਰਾਲੇ ਨੇ ਇੱਕ ਪੱਤਰ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖੇ ਇੱਕ ਪੱਤਰ ਵਿੱਚ, ਮੰਤਰਾਲੇ ਨੇ ਕਿਹਾ ਕਿ ਰਾਜਾਂ ਨੂੰ ਮੁੱਖ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਰਗੀਆਂ ਪ੍ਰਮੁੱਖ ਹਸਤੀਆਂ ਦੀ ਮੌਜੂਦਗੀ ਵਿੱਚ ਯੂਪੀਆਈ-ਸਮਰਥਿਤ ਪੰਚਾਇਤਾਂ ਦਾ "ਐਲਾਨ ਅਤੇ ਉਦਘਾਟਨ" ਕਰਨਾ ਚਾਹੀਦਾ ਹੈ।


ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ ਸੁਨੀਲ ਕੁਮਾਰ ਨੇ ਦੱਸਿਆ ਕਿ ਲਗਭਗ 98 ਪ੍ਰਤੀਸ਼ਤ ਪੰਚਾਇਤਾਂ ਨੇ ਪਹਿਲਾਂ ਹੀ ਯੂਪੀਆਈ ਅਧਾਰਤ ਭੁਗਤਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਕੁਮਾਰ ਨੇ ਕਿਹਾ ਕਿ ਪਬਲਿਕ ਫਾਈਨਾਂਸ਼ੀਅਲ ਮੈਨੇਜਮੈਂਟ ਸਿਸਟਮ (PMFS) ਰਾਹੀਂ ਲਗਭਗ 1.5 ਲੱਖ ਕਰੋੜ ਰੁਪਏ ਵੰਡੇ ਗਏ ਹਨ। ਹੁਣ ਪੰਚਾਇਤਾਂ ਨੂੰ ਭੁਗਤਾਨ ਡਿਜੀਟਲ ਤਰੀਕੇ ਨਾਲ ਕੀਤਾ ਜਾਵੇਗਾ। ਚੈੱਕ ਅਤੇ ਨਕਦੀ ਰਾਹੀਂ ਭੁਗਤਾਨ ਲਗਭਗ ਬੰਦ ਹੋ ਗਿਆ ਹੈ। ਉਨ੍ਹਾਂ ਕਿਹਾ, ਹੁਣ ਇਹ ਲਗਭਗ ਹਰ ਥਾਂ ਪਹੁੰਚ ਗਿਆ ਹੈ। ਅਸੀਂ ਪਹਿਲਾਂ ਹੀ ਲਗਭਗ 98 ਪ੍ਰਤੀਸ਼ਤ ਪੰਚਾਇਤਾਂ ਨੂੰ ਕਵਰ ਕਰ ਚੁੱਕੇ ਹਾਂ।


ਪੰਚਾਇਤਾਂ ਨੂੰ 30 ਜੂਨ ਨੂੰ ਸੇਵਾ ਪ੍ਰਦਾਤਾਵਾਂ ਅਤੇ 'ਵੈਂਡਰਾਂ' ਨਾਲ ਮੀਟਿੰਗਾਂ ਕਰਨ ਲਈ ਵੀ ਕਿਹਾ ਗਿਆ ਹੈ। ਯੂਪੀਆਈ ਪਲੇਟਫਾਰਮਾਂ ਜਿਵੇਂ ਗੂਗਲ ਪੇ, ਫੋਨਪੇ, ਪੇਟੀਐਮ, ਭੀਮ, ਮੋਬੀਕਵਿਕ, ਵਟਸਐਪ ਪੇ, ਐਮਾਜ਼ਾਨ ਪੇ ਅਤੇ ਭਾਰਤ ਪੇਅ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵੇਰਵੇ ਵਾਲੀ ਸੂਚੀ ਮੰਤਰਾਲੇ ਦੁਆਰਾ ਸਾਂਝੀ ਕੀਤੀ ਗਈ ਹੈ। ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਪੰਚਾਇਤਾਂ ਨੂੰ 15 ਜੁਲਾਈ ਤੱਕ ਇੱਕ ਢੁਕਵਾਂ ਸੇਵਾ ਪ੍ਰਦਾਤਾ ਚੁਣਨਾ ਹੋਵੇਗਾ ਅਤੇ 30 ਜੁਲਾਈ ਤੱਕ 'ਵਿਕਰੇਤਾ' ਦਾ ਨਾਮ ਦੇਣਾ ਹੋਵੇਗਾ।


ਪੰਚਾਇਤੀ ਰਾਜ ਰਾਜ ਮੰਤਰੀ ਕਪਿਲ ਮੋਰੇਸ਼ਵਰ ਪਾਟਿਲ ਨੇ ਕਿਹਾ ਕਿ ਡਿਜੀਟਲ ਲੈਣ-ਦੇਣ ਸ਼ੁਰੂ ਕਰਨ ਨਾਲ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ, ਹੁਣ ਜ਼ਿਆਦਾਤਰ ਪੰਚਾਇਤਾਂ ਡਿਜੀਟਲ ਲੈਣ-ਦੇਣ ਕਰ ਰਹੀਆਂ ਹਨ। ਇਸ ਨਾਲ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਵਿੱਚ ਮਦਦ ਮਿਲੇਗੀ। ਸਰਕਾਰੀ ਅੰਕੜਿਆਂ ਮੁਤਾਬਕ ਇਕੱਲੇ ਜਨਵਰੀ 2023 'ਚ 'ਭੀਮ' ਰਾਹੀਂ 12.98 ਲੱਖ ਕਰੋੜ ਰੁਪਏ ਦੇ 806.3 ਕਰੋੜ ਲੈਣ-ਦੇਣ ਕੀਤੇ ਗਏ। ਇਸ ਵਿੱਚੋਂ 50 ਫੀਸਦੀ ਲੈਣ-ਦੇਣ ਪੇਂਡੂ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਹੋਇਆ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।