ਨਵੀਂ ਦਿੱਲੀ: ਭਾਰਤ ਸਰਕਾਰ ਕੋਰੋਨਾ ਦੇ ਹਰ ਖਤਰੇ ਨਾਲ ਨਜਿੱਠਣ ਦੀ ਤਿਆਰੀ ਕਰ ਰਹੀ ਹੈ। ਬੇਸ਼ੱਕ ਸਰਕਾਰ ਨੇ ਲੌਕਡਾਉਨ ਕਰਕੇ ਕੋਰੋਨਾ ਨੂੰ ਫੈਲਣ ਤੋਂ ਰੋਕਣਾ ਚਾਹਿਆ ਸੀ ਪਰ ਪਰਵਾਸੀ ਮਜ਼ਦੂਰਾਂ ਦੇ ਸੜਕਾਂ ਉੱਪਰ ਆ ਜਾਣ ਕਰਕੇ ਤਾਲਾਬੰਦੀ ਦੀ ਕੋਈ ਤੁਕ ਨਜ਼ਰ ਨਹੀਂ ਆ ਰਹੀ। ਇਸ ਲਈ ਸਰਕਾਰ ਨੂੰ ਜਾਪ ਰਿਹਾ ਹੈ ਕਿ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।


ਸਰਕਾਰ ਨੇ ਹੰਗਾਮੀ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਸਰਕਾਰ ਨੇ ਪਹਿਲਾਂ ਸ਼ਰਾਬ ਦੀਆਂ ਫੈਕਟਰੀਆਂ ਵਿੱਚ ਸੈਨੇਟਾਈਜ਼ਰ ਬਣਾਉਣ ਦੇ ਲਾਇਸੰਸ ਜਾਰੀ ਕੀਤੇ ਸੀ। ਹੁਣ ਦੇਸ਼ ਦੀ ਮੁੱਖ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਵੈਂਟੀਲੇਟਰ ਤੇ ਮਾਸਕ ਬਣਾਉਣ ਵਿੱਚ ਜੁੱਟ ਗਈ ਹੈ। ਕੰਪਨੀ ਐਗਵਾ ਹੈਲਥਕੇਅਰ ਨਾਲ ਮਿਲ ਕੇ ਕੰਮ ਕਰੇਗੀ। ਦੇਸ਼ ’ਚ ਕਰੋਨਾਵਾਇਰਸ ਫੈਲਣ ਕਾਰਨ ਵੈਂਟੀਲੇਟਰਾਂ ਦੀ ਜ਼ਰੂਰਤ ਵਧ ਗਈ ਹੈ।

ਇਸ ਦੇ ਨਾਲ ਹੀ ਰੇਲਵੇ ਨੇ ਵੀ ਕਮਰਕੱਸ ਲਈ ਹੈ। ਰੇਲਵੇ ਨੇ ਕਰੋਨਾਵਾਇਰਸ ਤੋਂ ਪੀੜਤਾਂ ਦੇ ਇਲਾਜ ਲਈ ਏਅਰ-ਕੰਡੀਸ਼ਨਡ ਰਹਿਤ ਡੱਬਿਆਂ ਨੂੰ ਆਈਸੋਲੇਸ਼ਨ ਵਾਰਡ ’ਚ ਤਬਦੀਲ ਕਰਨ ਦਾ ਨਮੂਨਾ ਤਿਆਰ ਕੀਤਾ ਹੈ। ਇਹ ਤਜਰਬਾ ਗੁਹਾਟੀ ਦੇ ਕਮਾਖਿਆ ’ਚ ਕੀਤਾ ਗਿਆ ਹੈ। ਅਗਲੇ ਕੁਝ ਦਿਨਾਂ ’ਚ ਇਸ ਯੋਜਨਾ ਨੂੰ ਅੰਤਿਮ ਰੂਪ ਦੇਣ ਮਗਰੋਂ ਹਰੇਕ ਰੇਲਵੇ ਜ਼ੋਨ ਹਰ ਹਫ਼ਤੇ 10 ਡੱਬਿਆਂ ਵਾਲਾ ਰੈਕ ਤਿਆਰ ਕਰੇਗਾ। ਦੇਸ਼ ਦੇ ਹਸਪਤਾਲਾਂ ’ਚ ਆਈਸੋਲੇਸ਼ਨ ਵਾਰਡਾਂ ਦੀ ਕਮੀ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ।

ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ 'ਤੇ ਜਿੱਤ ਭਾਰਤ ਹੀ ਤੈਅ ਕਰੇਗਾ। ਦੁਨੀਆ ਦੀ ਸਭ ਤੋਂ ਵੱਸੋਂ ਵਾਲਾ ਦੇਸ਼ ਭਾਰਤ ਜੇਕਰ ਇਸ ਮਹਾਮਾਰੀ ਤੋਂ ਬਚ ਨਿਕਲਦਾ ਹੈ ਤਾਂ ਕੋਰੋਨਾ ਦੀ ਹਾਰ ਹੋ ਜਾਏਗੀ। ਇਸ ਲਈ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ 'ਤੇ ਹਨ।