ਨਵੀਂ ਦਿੱਲੀ: ਬੁੱਧਵਾਰ ਸਵੇਰੇ ਹੀ ਭਾਰਤੀ ਰੁਪਿਆ, ਅਮਰੀਕੀ ਡਾਲਰ ਦੇ ਮੁਕਾਬਲੇ ਇਤਿਹਾਸ ਹੇਠਲੇ ਪੱਧਰ ਨੂੰ ਛੋਹੰਦਿਆਂ 73 ਰੁਪਏ ਤੋਂ ਵੀ ਪਾਰ ਪਹੁੰਚ ਗਿਆ ਹੈ। ਵਿਸ਼ਵ ਬਾਜ਼ਾਰ ਵਿੱਚ ਅਮਰੀਕੀ ਕਰੰਸੀ ਦੀ ਮੰਗ ਵਧਣ ਤੇ ਆਲਮੀ ਪੱਧਰ 'ਤੇ ਤੇਲ ਦੀਆਂ ਕੀਮਤਾਂ ਵਧਣ ਦੇ ਨਾਲ ਅੱਜ ਭਾਰਤੀ ਰੁਪਿਆ 43 ਪੈਸੇ ਹੇਠਾਂ ਖਿਸਕ ਗਿਆ ਹੈ।
ਅੰਤਰਬੈਂਕੀ ਵਿਦੇਸ਼ੀ ਮੁਦਰਾ ਤਬਦੀਲੀ ਬਾਜ਼ਾਰ ਵਿੱਚ ਅੱਜ ਇੱਕ ਅਮਰੀਕੀ ਡਾਲਰ ਦੀ ਕੀਮਤ 73 ਰੁਪਏ 34 ਪੈਸੇ ਹੋ ਗਏ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਡਾਲਰ ਦੀ ਕੀਮਤ 72.91 ਰੁਪਏ ਸੀ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 85 ਅਮਰੀਕੀ ਡਾਲਰ ਪ੍ਰਤੀ ਬੈਰਲ ਤਕ ਪਹੁੰਚ ਗਈ ਹੈ, ਜਿਸ ਕਾਰਨ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਨਿੱਤ ਦਿਨ ਵਧ ਰਹੀਆਂ ਹਨ। ਇਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਨਿਵੇਸ਼ਕਾਂ ਦਾ ਬੁਰਾ ਹਾਲ ਹੈ।
ਬੀਤੇ ਦਿਨ ਯਾਨੀ ਦੋ ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜੈਅੰਤੀ ਕਾਰਨ ਵਿਦੇਸ਼ੀ ਮੁਦਰਾ ਤਬਦੀਲੀ ਬਾਜ਼ਾਰ ਬੰਦ ਰਿਹਾ। ਅੱਜ ਸਵੇਰੇ ਬਾਜ਼ਾਰ ਖੁੱਲ੍ਹਦਿਆਂ ਹੀ ਭਾਰਤੀ ਰੁਪਏ ਨੂੰ ਝਟਕਾ ਲੱਗਾ। ਇਸ ਦੇ ਨਾਲ ਹੀ ਸੈਨਸੈਕਸ ਵੀ 137.62 ਅੰਕ ਖਿਸਕ ਕੇ 36,388.52 ਅੰਕਾਂ 'ਤੇ ਖੁੱਲ੍ਹਿਆ।