ਮੁੰਬਈ: ਘਰੇਲੂ ਮੁਦਰਾ ਦੇ ਸ਼ੁਰੂਆਤੀ ਕਾਰੋਬਾਰ 'ਚ ਅੱਜ ਫਿਰ ਗਿਰਾਵਟ ਦੇਖੀ ਗਈ ਤੇ ਰੁਪਇਆ 70 ਦਾ ਅੰਕੜਾਂ ਪਾਰ ਕਰ ਗਿਆ। ਰੁਪਇਆ ਪਹਿਲਾਂ ਦੇ ਮੁਕਾਬਲੇ 27 ਪੈਸੇ ਹੇਠਾਂ ਆ ਗਿਆ ਤੇ ਡਾਲਰ ਦੇ ਮੁਕਾਬਲੇ 70.08 'ਤੇ ਖੁੱਲ੍ਹਾ। ਮੁਦਰਾ ਕਾਰੋਬਾਰੀਆਂ ਮੁਤਾਬਕ ਇਸ ਦੀ ਮੁੱਖ ਵਜ੍ਹਾ ਅਮਰੀਕੀ ਫੈਡਰਲ ਰਿਜ਼ਰਵ ਦੀ ਨੀਤੀਗਤ ਬੈਠਕ ਦਾ ਬਿਓਰਾ ਜਾਰੀ ਹੋਣ ਤੋਂ ਬਾਅਦ ਡਾਲਰ ਦੀ ਮੰਗ 'ਚ ਇਜ਼ਾਫਾ ਹੋਣਾ ਹੈ।


ਇਸ ਤੋਂ ਇਲਾਵਾ ਅਮਰੀਕਾ 'ਚ ਵਿਆਜ ਦਰਾਂ 'ਚ ਵਾਧੇ ਦੀ ਸੰਭਾਵਨਾ ਨੂੰ ਦੇਖਦਿਆਂ ਹੋਰ ਵਿਦੇਸ਼ੀ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਕਾਰਨ ਵੀ ਰੁਪਏ 'ਤੇ ਦਬਾਅ ਦੇਖਿਆ ਗਿਆ।


ਪਿਛਲੇ ਗੇੜ ਦੇ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਇਆ 69.81 'ਤੇ ਬੰਦ ਹੋਇਆ ਸੀ ਜਦਕਿ ਅੱਜ ਇਸਦੀ ਸ਼ੁਰੂਆਤ 70.03 ਦੇ ਹੇਠਲੇ ਪੱਧਰ ਤੋਂ ਹੋਈ। ਜਲਦ ਹੀ ਇਹ ਡਾਲਰ ਦੇ ਮੁਕਾਬਲੇ 27 ਪੈਸੇ ਟੁੱਟ ਕੇ 70.08 ਦੇ ਪੱਧਰ 'ਤੇ ਪਹੁੰਚ ਗਿਆ। ਕੱਲ੍ਹ ਦੇਸ਼ 'ਚ ਬਕਰੀਦ ਮੌਕੇ ਮੁਦਰਾ ਬਜ਼ਾਰ ਬੰਦ ਰਹੇ ਸਨ।