ਗੁਰਦਾਸਪੁਰ: ਡੇਰਾ ਬਾਬਾ ਨਾਨਕ ਵਿਖੇ ਭਾਰਤ ਸਰਕਾਰ ਨੇ ਕਰਤਾਰਪੁਰ ਸਾਹਿਬ ਨੂੰ ਜਾਣ ਵਾਲਾ ਕੌਰੀਡੋਰ ਬਣਾਉਣ ਲਈ ਅੱਜ ਅਧਿਕਾਰਤ ਤੌਰ 'ਤੇ ਸ਼ੁਰੂਆਤ ਕਰ ਦਿੱਤੀ ਹੈ। ਯਾਤਰੀ ਟਰਮੀਨਲ ਦੇ ਪਹਿਲੇ ਪੜਾਅ ਦੀ ਉਸਾਰੀ ਲਈ ਸਰਕਾਰ ਨੇ ਜ਼ਮੀਨ ਐਕੁਆਇਰ ਕਰਨੀ ਸ਼ੁਰੂ ਕਰ ਦਿੱਤੀ ਹੈ।


ਪਹਿਲੇ ਪੜਾਅ ਵਿੱਚ 50 ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਟਰਮੀਨਲ ਬਣਾਉਣ ਲਈ ਐਕੁਆਇਰ ਕੀਤੀ ਜ਼ਮੀਨ ਦੇ ਮਾਲਕ ਕਿਸਾਨ ਲੱਖਾ ਸਿੰਘ ਨੇ ਕਿਹਾ ਕਿ ਸਭ ਤੋਂ ਵੱਧ ਉਸ ਦੀ ਤਕਰੀਬਨ 16 ਏਕੜ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ। ਕਿਸਾਨ ਨੇ ਕਰਤਾਰਪੁਰ ਸਾਹਿਬ ਗਲਿਆਰੇ ਲਈ ਜ਼ਮੀਨ ਛੱਡਣ 'ਤੇ ਖ਼ੁਦ ਨੂੰ ਖ਼ੁਸ਼ਕਿਸਮਤ ਵੀ ਸਮਝਿਆ।

ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀ ਭਲਕੇ ਡੇਰਾ ਬਾਬਾ ਨਾਨਕ ਵਿਖੇ ਜ਼ੀਰੋ ਲਾਈਨ 'ਤੇ ਮੀਟਿੰਗ ਕਰਨਗੇ ਅਤੇ ਗਲਿਆਰੇ ਦੀ ਉਸਾਰੀ ਸਬੰਧੀ ਤਕਨੀਕੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ। ਜ਼ਮੀਨ ਐਕੁਆਇਰ ਹੋਣ ਦੇ ਨਾਲ ਸਰਕਾਰ ਖੇਤਾਂ ਵਿੱਚੋਂ ਫਸਲਾਂ ਨੂੰ ਵਾਹ ਰਹੀ ਹੈ ਤਾਂ ਜੋ ਟਰਮੀਨਲ ਦੇ ਉਸਾਰੀ ਕਾਰਜ ਛੇਤੀ ਸ਼ੁਰੂ ਕੀਤੇ ਜਾ ਸਕਣ।