ਨਵੀਂ ਦਿੱਲੀ: ਅਫਗਾਨਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੋਂ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਅਜਿਹੇ 'ਚ ਭਾਰਤ ਸਰਕਾਰ ਨੇ ਅਫਗਾਨਿਸਤਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਅਭਿਆਨ ਤੇਜ਼ ਕਰ ਦਿੱਤਾ ਹੈ। ਅਫਗਾਨਿਸਤਾਨ 'ਚ ਫਸੇ 87 ਭਾਰਤੀਆਂ ਦੀ ਦੇਸ਼ ਵਾਪਸੀ ਹੋਈ ਹੈ। ਇਨ੍ਹਾਂ ਸਾਰੇ 87 ਲੋਕਾਂ ਨੂੰ ਏਅਰ ਇੰਡੀਆ ਦੇ ਜਹਾਜ਼ ਰਾਹੀਂ ਲਿਆਂਦਾ ਗਿਆ ਹੈ।


ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰਕੇ ਦੱਸਿਆ ਸੀ ਕਿ ਅਫਗਾਨਿਸਤਾਨ 'ਚ ਫਸੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਏਅਰ ਇੰਡੀਆ ਦਾ ਜਹਾਜ਼ ਤਜ਼ਾਕਿਸਤਾਨ ਤੋਂ 87 ਭਾਰਤੀਆਂ ਨੂੰ ਲੈਕੇ ਨਵੀਂ ਦਿੱਲੀ ਪਹੁੰਚ ਰਿਹਾ ਹੈ। ਇਨ੍ਹਾਂ 'ਚ ਦੋ ਨੇਪਾਲੀ ਨਾਗਰਿਕ ਵੀ ਹਨ।


ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, 'ਦੁਸ਼ਾਂਬੇ, ਤਜਾਕਿਸਤਾਨ 'ਚ ਸਾਡੇ ਦੂਤਾਵਾਸ ਵੱਲੋਂ ਭਾਰਤੀਆਂ ਨੂੰ ਵਪਾਸ ਲਿਆਉਣ ਲਈ ਕਾਫੀ ਮਦਦ ਮਿਲ ਰਹੀ ਹੈ। ਉੱਥੇ ਫਸੇ ਲੋਕਾਂ ਦੀ ਦੇਸ਼ ਵਾਪਸੀ ਲਈ ਹੋਰ ਜਹਾਜ਼ ਵਰਤੋਂ 'ਚ ਲਿਆਂਦੇ ਜਾਣਗੇ।


ਅਫਗਾਨਿਸਤਾਨ ਤੋਂ ਕੱਢੇ ਗਏ ਭਾਰਤੀ ਨਾਗਰਿਕ ਜਹਾਜ਼ 'ਚ ਸਵਾਰ ਹੁੰਦਿਆਂ ਹੀ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਾਉਣ ਲੱਗੇ।


 






ਇਸ ਤੋਂ ਪਹਿਲਾਂ ਸੂਤਰਾਂ ਨੇ ਦੱਸਿਆ ਸੀ ਕਿ ਤਾਲਿਬਾਨੀਆਂ ਨੇ ਕਰੀਬ 150 ਭਾਰਤੀ ਨਾਗਰਿਕਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਸੀ। ਕਬਜ਼ੇ 'ਚ ਲੈਣ ਤੋਂ ਬਾਅਦ ਤਾਲਿਬਾਨੀਆਂ ਵੱਲੋਂ ਸਾਰੇ ਭਾਰਤੀ ਨਾਗਰਿਕਾਂ ਨੂੰ ਕਿਸੇ ਹੋਰ ਥਾਂ ਲਿਜਾਇਆ ਗਿਆ ਸੀ। ਜਿਸ ਤੋਂ ਬਾਅਦ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਸਭ ਨੂੰ ਅਗਵਾ ਕੀਤਾ ਗਿਆ ਹੈ।


ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤਾਲਿਬਾਨੀਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਸਫਾਈ ਦਿੱਤੀ ਸੀ ਤੇ ਦਾਅਵਾ ਕੀਤਾ ਸੀ ਕਿ ਸਾਰੇ ਭਾਰਤੀ ਨਾਗਰਿਕਾਂ ਨੂੰ ਦੂਜੇ ਗੇਟ ਤੋਂ ਏਅਰਪੋਰਟ ਦੇ ਅੰਦਰ ਲਿਜਾਇਆ ਗਿਆ। ਤਾਲਿਬਾਨੀਆਂ ਨੇ ਦਾਅਵਾ ਕੀਤਾ ਸੀ ਕਿ ਕਿਸੇ ਵੀ ਭਾਰਤੀ ਨਾਗਰਿਕ ਨੂੰ ਅਗਵਾ ਨਹੀਂ ਕੀਤਾ ਗਿਆ।