ਨਵੀਂ ਦਿੱਲੀ: ਦੇਸ਼ ’ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਰੀਜ਼ਾਂ ਦੇ ਅੰਕੜੇ ਭਾਵੇਂ ਕੁਝ ਘੱਟ ਗਏ ਹੋਣ ਪਰ ਖ਼ਤਰਾ ਹਾਲੇ ਘਟਿਆ ਨਹੀਂ। ਸਰਕਾਰ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹਾ ਹੈ ਕਿ ਕੋਰੋਨਾ ਨੂੰ ਲੈ ਕੇ ਬਿਲਕੁਲ ਵੀ ਢਿੱਲ ਨਾ ਦਿੱਤੀ ਜਾਵੇ। ਅਮਰੀਕਾ ਤੇ ਇੰਗਲੈਂਡ ’ਚ ਕੋਰੋਨਾ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ। ਭਾਰਤ ਵਿੱਚ ਛੇਤੀ ਹੀ ਵੈਕਸੀਨ ਨੂੰ ਮਨਜ਼ੂਰੀ ਮਿਲ ਸਕਦੀ ਹੈ


ਦਿੱਲੀ ਦੀ ਇੱਕ ਫ਼ਰਮ ‘ਲੋਕਲ ਸਰਕਲ’ ਦੇ ਸਰਵੇਖਣ ਮੁਤਾਬਕ ਦੇਸ਼ ਵਿੱਚ ਕੋਰੋਨਾ ਦੇ ਟੀਕੇ ਨੂੰ ਲੈ ਕੇ ਲੋਕਾਂ ਅੰਦਰ ਕੁਝ ਝਿਜਕ ਹੈ। ਇਸ ਸਰਵੇਖਣ ਅਨੁਸਾਰ 69 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਵੈਕਸੀਨ ਦੀ ਜ਼ਰੂਰਤ ਨਹੀਂ। ‘ਲੋਕਲ ਸਰਵੇ’ ਅਨੁਸਾਰ, ‘ਵੈਕਸੀਨ ਦੇ ਸਾਈਡ ਇਫ਼ੈਕਟ ਬਾਰੇ ਜਾਣਕਾਰੀ ਨਾ ਹੋਣਾ, ਇਹ ਕਿੰਨਾ ਕੁ ਕਾਰਗਰ ਹੋਵੇਗਾ ਤੇ ਅਜਿਹਾ ਮੰਨਣਾ ਕਿ ਰੋਗਾਂ ਨਾਲ ਲੜਨ ਦੀ ਤਾਕਤ ਕਾਰਨ ਉਨ੍ਹਾਂ ਨੂੰ ਕੋਰੋਨਾ ਹੋ ਹੀ ਨਹੀਂ ਸਕਦਾ, ਲੋਕਾਂ ਵਿੱਚ ਝਿਜਕ ਦੇ ਮੁੱਖ ਕਾਰਨ ਹਨ।’

ਸਰਵੇਖਣ ’ਚ ਸ਼ਾਮਲ ਕੁਝ ਲੋਕਾਂ ਨੇ ਕਿਹਾ ਕਿ ਵੈਕਸੀਨ ਨੂੰ ਟੈਸਟਿੰਗ ਲਈ ਜਿੰਨਾ ਸਮਾਂ ਦੇਣਾ ਚਾਹੀਦਾ ਸੀ, ਓਨਾ ਨਹੀਂ ਦਿੱਤਾ ਗਿਆ। ਵੈਕਸੀਨ ਬਣਾਉਣ ਵਾਲੀਆਂ ਸਾਰੀਆਂ ਕੰਪਨੀਆਂ ਛੇਤੀ ਤੋਂ ਛੇਤੀ ਬਾਜ਼ਾਰ ਵਿੱਚ ਵੈਕਸੀਨ ਲਾਂਚ ਕਰਨਾ ਚਾਹੁੰਦੀਆਂ ਹਨ। ਇੱਕ ਹੋਰ ਸਰਵੇਖਣ ਮੁਤਾਬਕ ਇੰਗਲੈਂਡ ਵਿੱਚ ਭਾਰਤੀ ਮੂਲ ਦੇ ਲੋਕ ਕੋਵਿਡ-19 ਦਾ ਟੀਕਾ ਲਵਾਉਣ ਦੇ ਚਾਹਵਾਨ ਨਹੀਂ।

ਇੰਗਲੈਂਡ ਦੇ ਚਾਰ ਵਿੱਚੋਂ ਤਿੰਨ ਲੋਕ ਭਾਵ 76 ਫ਼ੀਸਦੀ ਆਪਣੇ ਡਾਕਟਰ ਦੀ ਸਲਾਹ ’ਤੇ ਟੀਕਾ ਲਵਾਉਣ ਲਈ ਤਿਆਰ ਹਨ; ਜਦ ਕਿ ਕੇਵਲ ਅੱਠ ਫ਼ੀਸਦੀ ਨੇ ਹੀ ਅਜਿਹਾ ਨਾ ਕਰਨ ਦੀ ਇੱਛਾ ਪ੍ਰਗਟਾਈ ਹੈ। ਸਿਰਫ਼ 57 ਫ਼ੀਸਦੀ ਲੋਕ ਟੀਕਾ ਲਗਵਾਉਣ ਲਈ ਤਿਆਰ ਹਨ।