ਰੌਬਟ
ਚੰਡੀਗੜ੍ਹ: ਕੋਰੋਨਾਵਾਇਰਸ ਦੁਨੀਆ ਭਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਭਾਰਤ ਵਿੱਚ ਵੀ ਤਬਾਹੀ ਮਚਾ ਰਿਹਾ ਹੈ। ਕੋਰੋਨਾਵਾਇਰਸ ਦਾ ਪ੍ਰਭਾਵ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਲਗਾਤਾਰ ਵਧ ਰਿਹਾ ਹੈ। ਇਸ ਕਾਰਨ, ਦੇਸ਼ ਵਿੱਚ ਪਹਿਲੀ ਮੌਤ ਵੀ ਹੋ ਚੁੱਕੀ ਹੈ। ਦੇਸ਼ 'ਚ ਹੁਣ ਪ੍ਰਭਾਵਤਾਂ ਦੀ ਗਿਣਤੀ 75 ਹੋ ਗਈ ਹੈ। ਸਟਾਕ ਮਾਰਕੀਟ, ਰਾਜਨੀਤੀ, ਬਾਲੀਵੁੱਡ ਕੋਰੋਨਾ ਵਾਇਰਸ ਦੇ ਕਾਰਨ ਹਰ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਦੇਸ਼ ਤੇ ਦੁਨੀਆ ਵਿੱਚ ਕੋਰੋਨਾ ਦੇ ਫੈਲਣ ਕਾਰਨ ਹਾਲਾਤ ਕੀ ਹਨ, ਆਓ ਜਾਣਦੇ ਹਾਂ ਕੁਝ ਵੱਡੀਆਂ ਗੱਲਾਂ।
ਪੰਜਾਬ 'ਚ ਦੋ ਅਧਿਕਾਰੀ ਜੋੜੇ ਰੱਖੇ ਅਲੱਗ
ਇਟਲੀ ਤੇ ਸਵਿਟਜ਼ਰਲੈਂਡ ਤੋਂ ਵਾਪਸ ਆਉਣ ਤੋਂ ਬਾਅਦ ਕੋਰੋਨਾਵਾਇਰਸ ਫੈਲਣ ਦੇ ਜੋਖਮ ਨੂੰ ਰੋਕਣ ਲਈ ਸਾਵਧਾਨੀ ਵਜੋਂ ਪੰਜਾਬ ਵਿੱਚ ਦੋ ਅਧਿਕਾਰੀ ਜੋੜੇ ਆਪਣੇ ਆਪ ਨੂੰ ਘਰ 'ਚ ਹੀ ਅਲੱਗ-ਥਲੱਗ ਰੱਖ ਰਹੇ ਹਨ।
ਆਈਪੀਐਸ ਅਧਿਕਾਰੀ ਸੰਦੀਪ ਗਰਗ, ਜੋ ਸੰਗਰੂਰ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਹਨ ਤੇ ਉਨ੍ਹਾਂ ਦੀ ਪਤਨੀ ਸੁਰਭੀ ਮਲਿਕ ਜੋ ਪਟਿਆਲਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਹਨ।
ਦੂਸਰਾ ਜੋੜਾ ਮੁਹਾਲੀ ਦਾ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਤੇ ਉਨ੍ਹਾਂ ਦੀ ਆਈਪੀਐਸ ਪਤਨੀ ਅਵਨੀਤ ਕੌਂਡਲ ਜੋ ਫਤਿਹਗੜ੍ਹ ਸਾਹਿਬ ਦੇ ਸੀਨੀਅਰ ਪੁਲਿਸ ਕਪਤਾਨ ਹਨ। ਦੋਵੇਂ ਜੋੜਿਆਂ ਨੂੰ 14 ਦਿਨਾਂ ਲਈ ਅਲੱਗ ਰੱਖਿਆ ਗਿਆ ਹੈ। ਉਹ 3 ਮਾਰਚ ਨੂੰ ਭਾਰਤ ਪਰਤੇ ਸਨ।
ਉੱਤਰ ਪ੍ਰਦੇਸ਼ ਨੇ ਐਲਾਨਿਆ ਮਹਾਮਾਰੀ
ਦਿੱਲੀ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਕਰ ਦਿੱਤੀ ਹੈ।ਉੱਤਰ ਪ੍ਰਦੇਸ਼ ਵਿੱਚ, 11 ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਹਨ।ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਬਚਾਅ 'ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ। ਅਸੀਂ ਡੇਢ ਮਹੀਨੇ ਪਹਿਲਾਂ ਤੋਂ ਤਿਆਰੀ ਕਰ ਰਹੇ ਸੀ।
ਭਾਰਤ 'ਚ ਪਹਿਲੀ ਮੌਤ
ਕਰਨਾਟਕ ਦੇ ਕਲਬਰਗੀ ਵਿੱਚ, ਕੋਰੋਨਾ ਨੇ ਇੱਕ 76 ਸਾਲਾ ਵਿਅਕਤੀ ਨੂੰ ਆਪਣੀ ਲਪੇਟ 'ਚ ਲੈ ਲਿਆ। 10 ਮਾਰਚ ਨੂੰ ਮੁਹੰਮਦ ਹੁਸੈਨ ਸਿੱਦੀਕੀ ਨਾਮ ਦੇ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਸੀ। ਦੋ ਦਿਨ ਬਾਅਦ, ਜਦੋਂ ਉਸਦੀ ਬਲੱਡ ਰਿਪੋਰਟ ਆਈ, ਤਾਂ ਪਤਾ ਲੱਗਿਆ ਕਿ ਉਹ ਕੋਰੋਨਾ ਤੋਂ ਪੀੜਤ ਸੀ।
ਹਾਈ ਕੋਰਟ ਨੂੰ ਦਖ਼ਲ ਦੇਣ ਦੀ ਅਪੀਲ
ਅੱਜ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿੱਚ ਅਦਾਲਤ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ‘ਦਖ਼ਲ’ ਦੇਣ ਦੀ ਬੇਨਤੀ ਕੀਤੀ ਗਈ ਹੈ। ਪਟੀਸ਼ਨ ਚੀਫ਼ ਜਸਟਿਸ ਡੀ ਐਨ ਪਟੇਲ ਅਤੇ ਜਸਟਿਸ ਸੀ ਹਰੀ ਸ਼ੰਕਰ ਦੇ ਬੈਂਚ ਸਾਹਮਣੇ ਪੇਸ਼ ਕੀਤੀ ਗਈ। ਇਸ ਦੀ ਸੁਣਵਾਈ 16 ਮਾਰਚ ਨੂੰ ਹੋਵੇਗੀ। ਬੈਂਚ ਸਾਹਮਣੇ ਪੇਸ਼ ਵਕੀਲ ਨੇ ਕਿਹਾ, " ਅਸੀਂ ਅਦਾਲਤਾਂ ਨੂੰ ਕੋਰੋਨਾ ਵਾਇਰਸ ਦੇ ਸੰਬੰਧ ਵਿੱਚ ਦਖਲ ਦੇਣ ਦੀ ਬੇਨਤੀ ਕੀਤੀ ਹੈ। "
ITBP ਕੇਂਦਰ 'ਚ ਰੱਖ 112 ਲੋਕਾਂ ਵਿਚੋਂ ਕਿਸੇ ਨੂੰ ਵੀ ਕੋਰੋਨਾ ਨਹੀਂ
ਆਈਟੀਬੀਪੀ ਦੇ ਕੇਂਦਰ ਵਿੱਚ ਵੱਖਰੇ ਤੌਰ ਤੇ ਰੱਖੇ ਗਏ 112 ਲੋਕਾਂ ਵਿੱਚੋਂ, ਕੋਈ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਨਹੀਂ ਪਾਇਆ ਗਿਆ ਹੈ।ਇਹਨਾਂ ਸਾਰਿਆਂ ਨੂੰ ਪਿਛਲੇ ਮਹੀਨੇ ਵੁਹਾਨ, ਚੀਨ ਤੋਂ ਲਿਆਂਦੇ ਗਿਆ ਸੀ। ਅੱਜ ਸਾਰਿਆਂ ਨੂੰ ਛੁੱਟੀ ਦਿੱਤੀ ਜਾ ਸਕਦੀ ਹੈ।
ਸਰਕਾਰ ਚੌਕਸ, ਹੈਲਪਲਾਈਨ ਨੰਬਰ ਜਾਰੀ
ਕੇਂਦਰੀ ਗ੍ਰਹਿ ਮੰਤਰਾਲੇ ਦੇ ਅਨੁਸਾਰ, ਸਰਕਾਰ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਸੰਕਰਮ ਦੇ ਫੈਲਣ ਦੇ ਮੱਦੇਨਜ਼ਰ ਕੇਂਦਰੀ ਹੈਲਪਲਾਈਨ ਨੰਬਰ 011-23978046 ਦੀ ਸ਼ੁਰੂਆਤ ਕੀਤੀ ਹੈ।
ਦੇਸ਼ 'ਚ ਕੋਰੋਨਾ ਨਾਲ 75 ਲੋਕ ਸੰਕਰਮਿਤ
ਤੁਹਾਨੂੰ ਦਸਦਿਏ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ 75 ਵਿੱਚੋਂ 17 ਵਿਅਕਤੀ ਵਿਦੇਸ਼ੀ ਨਾਗਰਿਕ ਹਨ। ਇਨ੍ਹਾਂ ਵਿੱਚੋਂ 16 ਇਟਲੀ ਤੋਂ ਹਨ ਅਤੇ ਇੱਕ ਕੈਨੇਡਾ ਦਾ ਨਾਗਰਿਕ ਹੈ। ਇਨ੍ਹਾਂ ਅੰਕੜਿਆਂ ਵਿੱਚ ਕੇਰਲ ਦੇ ਤਿੰਨ ਮਰੀਜ਼ ਵੀ ਸ਼ਾਮਲ ਹਨ। ਜਿਨ੍ਹਾਂ ਨੂੰ ਠੀਕ ਹੋਣ ਤੋਂ ਬਾਅਦ ਪਿਛਲੇ ਮਹੀਨੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।
ਦਿੱਲੀ ਵਿੱਚ ਕੋਰੋਨਾ ਵਾਇਰਸ ਦੇ 6 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਉੱਤਰ ਪ੍ਰਦੇਸ਼ ਵਿੱਚ 11, ਕਰਨਾਟਕ ਵਿੱਚ 4, ਮਹਾਰਾਸ਼ਟਰ ਵਿੱਚ 11 ਅਤੇ ਲੱਦਾਖ ਵਿੱਚ ਤਿੰਨ ਕੇਸ ਸਾਹਮਣੇ ਆਏ ਹਨ। ਰਾਜਸਥਾਨ, ਤੇਲੰਗਾਨਾ, ਤਾਮਿਲਨਾਡੂ, ਜੰਮੂ-ਕਸ਼ਮੀਰ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਵਿੱਚ ਇਕ-ਇਕ ਕੇਸ ਸਾਹਮਣੇ ਆਇਆ ਹੈ।
ਕੋਰੋਨਾਵਾਇਰਸ ਦੇ ਕਹਿਰ ਨਾਲ ਭਾਰਤ ਦੇ ਵਿਗੜੇ ਹਾਲਾਤ, ਜਾਣੋ ਵੱਡੀਆਂ ਗੱਲਾਂ
ਰੌਬਟ
Updated at:
13 Mar 2020 03:12 PM (IST)
-ਦੇਸ਼ 'ਚ ਹੁਣ ਪ੍ਰਭਾਵਤਾਂ ਦੀ ਗਿਣਤੀ 75 ਹੋ ਗਈ ਹੈ।
-1 ਦੀ ਹੋ ਚੁੱਕੀ ਮੌਤ, ਦੇਸ਼ ਤੇ ਦੁਨੀਆ ਵਿੱਚ ਕੋਰੋਨਾ ਦੇ ਫੈਲਣ ਕਾਰਨ ਹਾਲਾਤ ਕੀ ਹਨ, ਆਓ ਜਾਣਦੇ ਹਾਂ ਕੁਝ ਵੱਡੀਆਂ ਗੱਲਾਂ...
- - - - - - - - - Advertisement - - - - - - - - -