IndiGo Bomb Threat: ਏਅਰਲਾਈਨਾਂ ਨੂੰ ਬੰਬ ਦੀ ਧਮਕੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੌਰਾਨ ਸ਼ਨੀਵਾਰ (19 ਅਕਤੂਬਰ 2024) ਨੂੰ ਇੰਡੀਗੋ ਦੇ 5 ਜਹਾਜ਼ਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਅਕਾਸਾ ਏਅਰਲਾਈਨਜ਼ ਦੀਆਂ ਉਡਾਣਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇੰਡੀਗੋ ਨੇ ਕਿਹਾ ਕਿ ਉਹ ਮੁੰਬਈ ਤੋਂ ਇਸਤਾਂਬੁਲ ਜਾਣ ਵਾਲੀ ਫਲਾਈਟ ਨੰਬਰ 6E17 ਨਾਲ ਜੁੜੀ ਸਥਿਤੀ ਤੋਂ ਜਾਣੂ ਹੈ।


ਯਾਤਰੀਆਂ ਦੀ ਸੁਰੱਖਿਆ ਪਹਿਲੀ ਤਰਜੀਹ 


ਕੰਪਨੀ ਨੇ ਕਿਹਾ, "ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਤੇ ਅਸੀਂ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਸੀਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਾਂ।" ਇੱਕ ਹੋਰ ਬਿਆਨ ਵਿੱਚ, ਇੰਡੀਗੋ ਨੇ ਕਿਹਾ, ਅਸੀਂ ਦਿੱਲੀ ਤੋਂ ਇਸਤਾਂਬੁਲ ਤੱਕ ਚੱਲਣ ਵਾਲੀ ਫਲਾਈਟ 6E11 ਨਾਲ ਸਬੰਧਤ ਸਥਿਤੀ ਤੋਂ ਜਾਣੂ ਹਾਂ। ਯਾਤਰੀਆਂ ਤੇ ਚਾਲਕ ਦਲ ਦੀ ਸੁਰੱਖਿਆ ਸਾਡੀ ਪ੍ਰਮੁੱਖ ਤਰਜੀਹ ਹੈ ਤੇ ਅਸੀਂ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਸੋਮਵਾਰ (14 ਅਕਤੂਬਰ 2024) ਤੋਂ, 70 ਤੋਂ ਵੱਧ ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਹੈ।



ਅੰਤਰਰਾਸ਼ਟਰੀ ਉਡਾਣਾਂ ਨੂੰ ਬੰਬ ਦੀ ਧਮਕੀ


ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਰਾਤ ਅੰਤਰਰਾਸ਼ਟਰੀ ਉਡਾਣਾਂ ਨੂੰ ਬੰਬ ਦੀ ਧਮਕੀ ਦਿੱਤੀ ਗਈ ਸੀ। ਏਅਰ ਇੰਡੀਆ ਐਕਸਪ੍ਰੈਸ ਫਲਾਈਟ ਆਈਐਕਸ 196 'ਤੇ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਸੀ, ਜਿਸ 'ਚ 189 ਯਾਤਰੀ ਸਵਾਰ ਸਨ। ਇਹ ਫਲਾਈਟ ਦੁਪਹਿਰ 1:20 'ਤੇ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ। ਹਾਲਾਂਕਿ ਜਾਂਚ ਦੌਰਾਨ ਜਹਾਜ਼ ਦੀ ਪੂਰੀ ਤਲਾਸ਼ੀ ਲੈਣ ਤੋਂ ਬਾਅਦ ਕੁਝ ਵੀ ਸ਼ੱਕੀ ਨਹੀਂ ਮਿਲਿਆ।


ਇਸ ਤੋਂ ਪਹਿਲਾਂ ਤਿੰਨ ਅੰਤਰਰਾਸ਼ਟਰੀ ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਸੀ, ਜੋ ਬਾਅਦ ਵਿੱਚ ਝੂਠੀ ਨਿਕਲੀ। ਸਾਵਧਾਨੀ ਵਜੋਂ ਇੱਕ ਜਹਾਜ਼ ਨੂੰ ਫਰੈਂਕਫਰਟ ਵੱਲ ਮੋੜ ਦਿੱਤਾ ਗਿਆ ਸੀ। ਵਿਸਤਾਰਾ ਦੇ ਬੁਲਾਰੇ ਅਨੁਸਾਰ, ਦਿੱਲੀ ਤੋਂ ਉਡਾਣ ਭਰਨ ਵਾਲੀਆਂ ਤਿੰਨ ਉਡਾਣਾਂ ਨੂੰ ਸ਼ੁੱਕਰਵਾਰ (18 ਅਕਤੂਬਰ, 2024) ਨੂੰ ਸੋਸ਼ਲ ਮੀਡੀਆ 'ਤੇ ਸੁਰੱਖਿਆ ਖਤਰੇ ਮਿਲੇ ਸਨ, ਜਿਸ ਤੋਂ ਬਾਅਦ ਪ੍ਰੋਟੋਕੋਲ ਅਨੁਸਾਰ ਸਾਰੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਅਲਰਟ ਕਰ ਦਿੱਤਾ ਗਿਆ ਸੀ।



ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਤੋਂ ਲੰਡਨ, ਪੈਰਿਸ ਅਤੇ ਹਾਂਗਕਾਂਗ ਜਾਣ ਵਾਲੀਆਂ ਵਿਸਤਾਰਾ ਦੀਆਂ ਉਡਾਣਾਂ 'ਤੇ ਬੰਬ ਦੀਆਂ ਧਮਕੀਆਂ ਮਿਲੀਆਂ ਸਨ, ਜੋ ਬਾਅਦ 'ਚ ਝੂਠੀਆਂ ਨਿਕਲੀਆਂ।