ਪਾਈਲਟ ਨਾ ਹੋਣ ਕਾਰਨ ਭਾਰਤ 'ਚ ਜਹਾਜ਼ਾਂ ਨੂੰ ਲੱਗੀ ਬ੍ਰੇਕ
ਏਬੀਪੀ ਸਾਂਝਾ | 11 Feb 2019 12:59 PM (IST)
ਨਵੀਂ ਦਿੱਲੀ: ਕਫਾਇਤੀ ਜਹਾਜ਼ ਕੰਪਨੀ ਇੰਡੀਗੋ ਨੇ ਪਿਛਲੇ ਦੋ ਦਿਨਾਂ ‘ਚ ਵੱਡੀ ਗਿਣਤੀ ‘ਚ ਉਡਾਣਾਂ ਕੈਂਸਲ ਕੀਤੀਆਂ ਹਨ। ਇਸ ਦਾ ਕਾਰਨ ਕੰਪਨੀ ਕੋਲ ਪਾਈਲਟਾਂ ਦੀ ਕਮੀ ਦਾ ਹੋਣਾ ਹੈ। ਇਸ ਕਰਕੇ ਇੰਡੀਗੋ ਨੇ ਸੋਮਵਾਰ ਨੂੰ 32 ਫਲਾਈਟਾਂ ਕੈਂਸਲ ਕੀਤੀਆਂ ਹਨ। ਉਡਾਣ ਉਦਯੋਗ ਦੇ ਇੱਕ ਸੂਤਰ ਨੇ ਦੱਸਿਆ ਕਿ ਏਅਰਲਾਈਨ ਕੰਪਨੀ ਨੇ ਦਿੱਲੀ, ਕੋਲਕਾਤਾ, ਚੇਨਈ, ਬੈਂਗਲੁਰੂ ਤੇ ਹੈਦਰਾਬਾਦ ਤੋਂ ਉਡਾਣਾਂ ਰੱਦ ਕੀਤੀਆਂ ਹਨ। ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਕੰਪਨੀ ਨੇ ਸ਼ਨੀਵਾਰ ਤੋਂ ਕਰੀਬ 15 ਉਡਾਣਾਂ ਰੱਦ ਕੀਤੀਆਂ ਤੇ ਐਤਵਾਰ ਨੂੰ ਕਰੀਬ ਸੱਤ ਉਡਾਣਾਂ ਰੱਦ ਕੀਤੀਆਂ ਗਈਆਂ। ਅਧਿਕਾਰੀ ਨੇ ਕਿਹਾ, “ਏਅਰਲਾਈਨ ਪਾਇਲਟ ਦਲ ਦੇ ਮੈਂਬਰਾਂ ਦੇ ਪ੍ਰਬੰਧਨ ‘ਚ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਇਸ ਲਈ ਕੱਲ੍ਹ ਤੇ ਅੱਜ ਦੀ ਉਨ੍ਹਾਂ ਉਡਾਣਾਂ ਨੂੰ ਰੱਦ ਕੀਤਾ ਗਿਆ ਜਿਨ੍ਹਾਂ ਨੇ ਦਿੱਲੀ ਤੋਂ ਉਡਾਣ ਭਰਨੀ ਸੀ। ਏਅਰਲਾਈਨ ਵੱਲੋਂ ਜਾਰੀ ਬਿਆਨ ਮੁਤਾਬਕ ਸੱਤ ਫਰਵਰੀ ਨੂੰ 11 ਉਡਾਣਾਂ ਦੇ ਰਸਤੇ ਬਦਲੇ ਗਏ ਤੇ ਕਈ ਕੈਂਸਲ ਕੀਤੀਆਂ ਗਈਆਂ। ਏਅਰਲਾਈਨ ਨੇ ਐਤਵਾਰ ਨੂੰ ਕਰੀਬ 16 ਫਲਾਈਟਾਂ ਕੈਂਸਲ ਕੀਤੀਆਂ ਹਨ। ਇਸ ਲਈ ਕੰਪਨੀ ਨੇ ਯਾਤਰੀਆਂ ਤੋਂ ਮਾਫ਼ੀ ਵੀ ਮੰਗੀ ਹੈ।