ਕਸ਼ਮੀਰ 'ਚ ਉਥਲ-ਪੁਥਲ, ਉੜੀ 'ਚ ਦਿੱਸੇ ਸ਼ੱਕੀ ਤੇ ਕੁਲਗਾਮ 'ਚ ਪੰਜ ਦਹਿਸ਼ਤਗਰਦ ਹਲਾਕ
ਏਬੀਪੀ ਸਾਂਝਾ | 11 Feb 2019 10:44 AM (IST)
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਚਰਚਿਤ ਉੜੀ ਤੇ ਰਜਰਵਾਨੀ ਖੇਤਰ ਵਿੱਚ ਸੁਰੱਖਿਆ ਬਲਾਂ ਵੱਲੋਂ ਕੁਝ ਸ਼ੱਕੀਆਂ ਦੇ ਦੇਖੇ ਜਾਣ ਦੀ ਖ਼ਬਰ ਹੈ। ਸੁਰੱਖਿਆ ਬਲਾਂ ਨੇ ਉਨ੍ਹਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੁਲਿਸ ਤੇ ਫ਼ੌਜ ਵੱਲੋਂ ਦੋ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਉੜੀ ਉਹੀ ਖੇਤਰ ਹੈ ਜਿੱਥੇ ਸਾਲ 2016 ਵਿੱਚ ਦਹਿਸ਼ਤਗਰਦਾਂ ਨੇ ਵੱਡਾ ਹਮਲਾ ਕੀਤਾ ਸੀ ਤੇ ਜਿਸ 'ਚ 19 ਫ਼ੌਜੀ ਨੂੰ ਜਾਨ ਗਵਾਉਣੀ ਪਈ ਸੀ। ਤਾਜ਼ਾ ਘਟਨਾ ਬੀਤੇ ਕੱਲ੍ਹ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਪੰਜ ਦਹਿਸ਼ਤਗਰਦਾਂ ਦੇ ਮਾਰੇ ਜਾਣ ਤੋਂ ਬਾਅਦ ਵਾਪਰੀ ਹੈ। ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਮਾਰੇ ਗਏ ਸਾਰੇ ਦਹਿਸ਼ਤਗਰਦ ਸਥਾਨਕ ਦੱਸੇ ਜਾਂਦੇ ਹਨ। ਇਸ ਮੁਕਾਬਲੇ ਮਗਰੋਂ ਮੁਕਾਮੀ ਲੋਕਾਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਝੜਪ ਵਿੱਚ 10 ਆਮ ਨਾਗਰਿਕਾਂ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮੁਕਾਬਲੇ ਵਿੱਚ ਮਾਰੇ ਜਾਣ ਵਾਲੇ ਦਹਿਸ਼ਤਗਰਦਾਂ ਦੀ ਪਛਾਣ ਵਸੀਮ ਬਸ਼ੀਰ ਰਾਥਰ ਵਾਸੀ ਅਸ਼ਮੁਜੀ ਕੁਲਗਾਮ, ਜ਼ਾਹਿਦ ਪੈਰੇ ਵਾਸੀ ਡੀਐੱਚਪੋਰਾ ਕੁਲਗਾਮ, ਇਦਰੀਸ ਭੱਟ ਵਾਸੀ ਅਰਵਿਨੀ ਅਨੰਤਨਾਗ, ਆਕਿਬ ਨਜ਼ੀਰ ਵਾਸੀ ਜ਼ਾਂਗਲਪੋਰਾ ਕੁਲਗਾਮ ਤੇ ਪਰਵੇਜ਼ ਭੱਟ ਕੈਮੋਹ ਕੁਲਗਾਮ ਵਜੋਂ ਹੋਈ ਹੈ। ਇਦਰੀਸ ਸਾਲ 2017 ਵਿੱਚ ਹਿਜ਼ਬੁਲ ਮੁਜਾਹਿਦੀਨ ਦੀਆਂ ਸਫ਼ਾਂ ਵਿੱਚ ਸ਼ਾਮਲ ਹੋਇਆ ਸੀ ਜਦੋਂ ਕਿ ਬਾਕੀ ਦੇ ਦਹਿਸ਼ਤਗਰਦ ਪਿਛਲੇ ਸਾਲ ਦਹਿਸ਼ਤੀ ਜਥੇਬੰਦੀ ਦਾ ਹਿੱਸਾ ਬਣੇ ਸਨ। ਉੱਧਰ, ਸ੍ਰੀਗਨਗਰ ਦੇ ਲਾਲ ਚੌਕ ਇਲਾਕੇ ਵਿੱਚ ਸਥਿਤ ਪਲਾਡੀਅਮ ਸਿਨੇਮਾ ਨੇੜੇ ਲੱਗੇ ਮੋਰਚੇ 'ਤੇ ਗ੍ਰਨੇਡ ਹਮਲਾ ਹੋਇਆ। ਇਸ ਹਮਲੇ ਵਿੱਚ ਸੱਤ ਸੁਰੱਖਿਆ ਮੁਲਾਜ਼ਮਾਂ ਸਮੇਤ 11 ਜਣੇ ਫੱਟੜ ਹੋਏ ਹਨ। ਜ਼ਖ਼ਮੀਆਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ।