Kolkata Airport : ਦਿੱਲੀ ਤੋਂ ਕੋਲਕਾਤਾ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਯਾਤਰੀਆਂ ਦੇ ਸਾਹ ਰੁਕ ਗਏ। ਦਰਅਸਲ ਦਿੱਲੀ ਤੋਂ ਕੋਲਕਾਤਾ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ 'ਚ ਐਤਵਾਰ ਨੂੰ ਬਿਨਾਂ ਕਿਸੇ ਕਾਰਨ ਧੂੰਏਂ ਦੀ ਚਿਤਾਵਨੀ ਦਾ ਸਾਇਰਨ ਵੱਜਣਾ ਸ਼ੁਰੂ ਹੋ ਗਿਆ। ਇਹ ਘਟਨਾ ਹਵਾਈ ਅੱਡੇ 'ਤੇ ਜਹਾਜ਼ ਦੇ ਉਤਰਨ ਤੋਂ ਪਹਿਲਾਂ ਵਾਪਰੀ।



ਜਾਂਚ 'ਚ ਚੇਤਾਵਨੀ ਨੂੰ ਗਲਤ ਪਾਇਆ ਗਿਆ



ਇੰਡੀਗੋ ਏਅਰਲਾਈਨ ਨੇ ਐਤਵਾਰ ਨੂੰ ਇਕ ਬਿਆਨ 'ਚ ਕਿਹਾ, 'ਕੋਲਕਾਤਾ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਏਅਰਬੱਸ ਜਹਾਜ਼ ਦੀ ਜਾਂਚ ਕੀਤੀ ਗਈ ਪਰ ਇਹ  ਚੇਤਾਵਨੀ  ਗਲਤ ਪਾਈ ਗਈ। ਇਸ ਵਿਚ ਕਿਹਾ ਗਿਆ ਹੈ ਕਿ ਧੂੰਏਂ ਦੀ ਪਛਾਣ ਕਰਨ ਵਾਲੀ ਪ੍ਰਣਾਲੀ ਵਿਚ ਲੋੜੀਂਦੇ ਸੁਧਾਰ ਕੀਤੇ ਜਾ ਰਹੇ ਹਨ। ਇਸ ਦੌਰਾਨ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ.) ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਡੀਜੀਸੀਏ ਇਸ ਘਟਨਾ ਦੀ ਜਾਂਚ ਕਰੇਗਾ। ਇਹ ਘਟਨਾ ਫਲਾਈਟ 6E 2513 'ਤੇ ਵਾਪਰੀ, ਜਿਸ 'ਚ 165 ਯਾਤਰੀ ਅਤੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸਨ।

ਪਿਛਲੇ ਮਹੀਨਿਆਂ ਵਿੱਚ ਜਹਾਜ਼ਾਂ ਵਿੱਚ ਕਈ ਖਾਮੀਆਂ ਆਈਆਂ 


ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਨੇ ਕੋਲਕਾਤਾ ਹਵਾਈ ਅੱਡੇ 'ਤੇ ਸਵੇਰੇ 10.45 'ਤੇ ਉਤਰਨਾ ਸੀ ਪਰ ਜਹਾਜ਼ ਦੇ ਕਾਰਗੋ 'ਚ ਕਰੀਬ 10.20 ਵਜੇ ਧੂੰਏਂ ਦੀ ਚਿਤਾਵਨੀ ਮਿਲੀ। ਇਸ ਤੋਂ ਬਾਅਦ ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲ ਸਰਵਿਸ ਨਾਲ ਸੰਪਰਕ ਕੀਤਾ ਅਤੇ ਫਿਰ ਪਹਿਲ ਦੇ ਆਧਾਰ 'ਤੇ ਜਹਾਜ਼ ਨੂੰ ਲੈਂਡ ਕਰਨ ਦੀ ਵਿਵਸਥਾ ਕੀਤੀ ਗਈ। ਇਸ ਦੇ ਨਾਲ ਹੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਜਲਦਬਾਜ਼ੀ ਵਿੱਚ ਨਜਿੱਠਣ ਲਈ ਲੋੜੀਂਦੀਆਂ ਤਿਆਰੀਆਂ ਕੀਤੀਆਂ ਗਈਆਂ। ਧਿਆਨ ਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ 'ਚ ਵੱਖ-ਵੱਖ ਏਅਰਲਾਈਨਜ਼ ਦੇ ਜਹਾਜ਼ਾਂ 'ਚ ਤਕਨੀਕੀ ਖਰਾਬੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।