ਅੰਮ੍ਰਿਤਸਰ: ਫਲਾਈਟ 'ਚ ਮੱਛਰਾਂ ਦੀ ਵਜ੍ਹਾ ਨਾਲ ਪ੍ਰੇਸ਼ਾਨ ਹੋਏ ਤਿੰਨ ਯਾਤਰੀਆਂ ਨੂੰ ਇੰਡੀਗੋ ਏਅਰਲਾਈਨਜ਼ ਕੁੱਲ 1.20 ਲੱਖ ਰੁਪਏ ਹਰਜਾਨੇ ਦੇ ਰੂਪ 'ਚ ਦੇਵੇਗੀ। ਇਸ ਤੋਂ ਇਲਾਵਾ 15 ਹਜ਼ਾਰ ਰੁਪਏ ਕੋਰਟ 'ਚ ਜਮ੍ਹਾ ਕਰਵਾਉਣੇ ਪੈਣਗੇ। ਐਡਵੋਕੇਟ ਦੀਪਇੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਉਪਦੀਪ ਸਿੰਘ ਤੇ ਸੁਖਨਦੀਪ ਸਿੰਘ ਨਾਲ 12 ਅਪ੍ਰੈਲ ਨੂੰ ਇੰਡੀਗੋ ਏਅਰਲਾਈਨਜ਼ ਰਾਹੀਂ ਦਿੱਲੀ ਗਏ ਸਨ। ਇਸ ਦੌਰਾਨ ਤਿੰਨਾਂ ਦੀਆਂ ਸੀਟਾਂ ਪਿੱਛੇ ਸਨ ਤੇ ਸੀਟਾਂ 'ਤੇ ਮੱਛਰ ਭਿਨਭਿਨਾ ਰਹੇ ਸਨ।


ਇਸ ਬਾਰੇ ਉਨ੍ਹਾਂ ਏਅਰ ਹੋਸਟੈਸ ਨੂੰ ਸ਼ਿਕਾਇਤ ਕੀਤੀ ਪਰ ਉਸ ਨੇ ਗੰਭੀਰਤਾ ਨਾਲ ਨਹੀਂ ਲਿਆ। ਅੰਮ੍ਰਿਤਸਰ ਪਹੁੰਚਣ 'ਤੇ ਉਨ੍ਹਾਂ ਕੰਪਨੀ ਦੇ ਅਫਸਰਾਂ ਕੋਲ ਸ਼ਿਕਾਇਤ ਕੀਤੀ ਪਰ ਉਨ੍ਹਾਂ ਵੀ ਕੋਈ ਗੰਭੀਰਤਾ ਨਹੀਂ ਦਿਖਾਈ। ਇਸ ਤੋਂ ਬਾਅਦ ਉਹ ਮਾਮਲਾ ਕੰਜ਼ਿਊਮਰ ਕੋਰਟ ਲੈ ਕੇ ਗਏ।


ਇਸ 'ਤੇ ਪ੍ਰੀਜ਼ਾਇੰਡਿੰਗ ਮੈਂਬਰ ਅਨੂਪ ਸ਼ਰਮਾ ਤੇ ਰਚਨਾ ਅਰੋੜਾ ਨੇ ਕੰਪਨੀ ਦੀਆਂ ਸੇਵਾਵਾਂ 'ਚ ਕਮੀ ਪਾਉਂਦਿਆਂ ਕੰਪਨੀ ਨੂੰ ਤਿੰਨਾਂ ਯਾਤਰੀਆਂ ਨੂੰ 30-30 ਹਜ਼ਾਰ ਰੁਪਏ ਹਰਜਾਨਾ ਤੇ 10-10 ਹਜ਼ਾਰ ਕੇਸ ਦਾ ਖਰਚ ਤੇ 5-5 ਹਜ਼ਾਰ ਰੁਪਏ ਲੀਗਲ ਐਡ ਲਈ ਕੋਰਟ 'ਚ ਜਮ੍ਹਾ ਕਰਾਉਣ ਦੇ ਨਿਰਦੇਸ਼ ਦਿੱਤੇ ਹਨ।