ਨਵੀਂ ਦਿੱਲੀ: ਭਾਰਤ ਦੇ ਚੀਨ ਨੇ 7ਵੇਂ ਗੇੜ ਦੀ ਗੱਲਬਾਤ ਮਗਰੋਂ ਦਾਅਵਾ ਕੀਤਾ ਹੈ ਕਿ ਵਾਰਤਾ ‘ਹਾਂ-ਪੱਖੀ ਤੇ ਉਸਾਰੂ’ ਰਹੀ ਪਰ ਦੂਜੇ ਪਾਸੇ ਸਰਹੱਦ 'ਤੇ ਦੋਵੇਂ ਪਾਸੇ ਫੌਜਾਂ ਜੰਗੀ ਤਿਆਰੀਆਂ ਵਿੱਚ ਜੁਟੀਆਂ ਹੋਈਆਂ ਹਨ। ਦੋਵੇਂ ਮੁਲਕਾਂ ਦੀਆਂ ਫੌਜਾਂ ਸਰਦੀਆਂ ਤੋਂ ਪਹਿਲਾਂ-ਪਹਿਲਾਂ ਪੂਰੀ ਤਿਆਰੀ ਕਰ ਰਹੀਆਂ ਹਨ। ਪਿਛਲੇ ਦਿਨੀਂ ਅਮਰੀਕ ਨੇ ਦਾਅਵਾ ਕੀਤਾ ਸੀ ਕਿ ਚੀਨ ਨੇ ਭਾਰਤੀ ਸਰਹੱਦ ਨੇੜੇ ਵੱਡੀ ਗਿਣਤੀ ਫੌਜ ਤੇ ਜੰਗੀ ਸਾਜੋ-ਸਾਮਾਨ ਤਾਇਨਾਤ ਕਰ ਦਿੱਤਾ ਹੈ। ਇਸ ਮਗਰੋਂ ਆਈਆਂ ਰਿਪੋਰਟਾਂ ਵਿੱਚ ਖੁਲਾਸਾ ਹੋਇਆ ਕਿ ਭਾਰਤ ਵੀ ਪੂਰੀ ਤਿਆਰੀ ਵਿੱਚ ਜੁਟਿਆ ਹੋਇਆ ਹੈ। ਸੂਤਰ ਦੱਸਦੇ ਹਨ ਕਿ ਭਰਤ ਨੇ ਚੀਨ ਵੱਲੋਂ ਤਾਇਨਾਤ ਕੀਤੇ 50 ਹਜ਼ਾਰ ਤੋਂ ਵੱਧ ਸੈਨਿਕਾਂ ਦੇ ਬਰਾਬਰ ਆਪਣੇ ਸੈਨਿਕ ਸਰਹੱਦ 'ਤੇ ਭੇਜੇ ਹਨ।

ਤਾਜ਼ਾ ਰਿਪੋਰਟਾਂ ਮੁਤਾਬਕ ਚੀਨ ਨਾਲ ਸਰਹੱਦੀ ਟਕਰਾਅ ਦਰਮਿਆਨ ਲੱਦਾਖ ’ਚ ਟੈਕਾਂ ਤੇ ਬਖ਼ਤਰਬੰਦ ਵਾਹਨਾਂ ਦੀ ਵੱਡੀ ਗਿਣਤੀ ’ਚ ਤਾਇਨਾਤੀ ਦੇਖੀ ਗਈ ਹੈ। ਫ਼ੌਜ ਵੱਲੋਂ ਉੱਚੀਆਂ ਚੋਟੀਆਂ ’ਤੇ ਕਾਰਗੁਜ਼ਾਰੀ ’ਚ ਸੁਧਾਰ ਲਈ ਟੈਂਕਾਂ ਨੂੰ ਲਿਜਾਣ ਵਾਲੇ ਵਾਹਨਾਂ ’ਚ ਬਦਲਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਉੱਚੀਆਂ ਚੋਟੀਆਂ ਵਾਲੀਆਂ ਕਿੱਟਾਂ ਖ਼ਰੀਦੀਆਂ ਜਾ ਰਹੀਆਂ ਹਨ ਤਾਂ ਜੋ ਭੇਲ ਵੱਲੋਂ ਬਣਾਏ ਗਏ ਟੈਟਰਾ 8x8 ਟਰੈਕਟਰ ਦੇ ਇੰਜਣ ’ਚ ਸੁਧਾਰ ਕੀਤਾ ਜਾ ਸਕੇ ਜੋ ਟੈਂਕ ਟਰਾਂਸਪੋਰਟਰ ਟਰੇਲਰ ਨੂੰ ਖਿੱਚਦਾ ਹੈ।

ਇਸ ਤੋਂ ਪਹਿਲਾਂ ਗਰਮੀਆਂ ’ਚ ਟੀ-90 ਟੈਂਕ ਤੇ ਪੈਦਲ ਸੈਨਾ ਦੇ ਟਾਕਰੇ ਵਾਲੇ ਵਾਹਨਾਂ ਸਮੇਤ ਵੱਡੀ ਪੱਧਰ ’ਤੇ ਬਖ਼ਤਰਬੰਦ ਵਾਹਨ ਪੂਰਬੀ ਲੱਦਾਖ ’ਚ ਪਹੁੰਚਾਏ ਗਏ ਸਨ। ਲੱਦਾਖ ਦਾ ਜ਼ਿਆਦਾਤਰ ਇਲਾਕਾ ਉੱਚਾ-ਨੀਵਾਂ ਹੈ ਪਰ ਡੇਪਸਾਂਗ, ਚੁਸ਼ੂਲ ਤੇ ਡੇਮਚੋਕ ਵਰਗੇ ਇਲਾਕਿਆਂ ’ਚ ਜ਼ਮੀਨ ਸਮਤਲ ਹੈ ਤੇ ਉੱਥੇ ਬਖ਼ਤਰਬੰਦ ਵਾਹਨ ਤਾਇਨਾਤ ਕੀਤੇ ਜਾ ਸਕਦੇ ਹਨ। ਕੁਝ ਹਲਕੇ ਵਾਹਨਾਂ ਨੂੰ 20 ਹਜ਼ਾਰ ਫੁੱਟ ਦੀ ਉਚਾਈ ’ਤੇ ਤਾਇਨਾਤ ਕੀਤਾ ਗਿਆ ਹੈ ਪਰ ਟੈਂਕ ਟਰਾਂਸਪੋਰਟਰਾਂ ਤੋਂ ਖ਼ਿੱਤੇ ’ਚ 15 ਹਜ਼ਾਰ ਫੁੱਟ ਤੱਕ ਦੀ ਉਚਾਈ ਤੱਕ ਹੀ ਕੰਮ ਲਿਆ ਜਾਂਦਾ ਹੈ। ਯਾਦ ਰਹੇ ਭਾਰਤ ਤੇ ਚੀਨ ਦੇ ਫ਼ੌਜੀ ਅਧਿਕਾਰੀਆਂ ਵੱਲੋਂ ਸੋਮਵਾਰ ਸੱਤਵੇਂ ਗੇੜ ਦੀ ਵਾਰਤਾ ਕੀਤੀ ਸੀ। ਇਸ ਮਗਰੋਂ ਸਾਂਝੇ ਬਿਆਨ ਵਿੱਚ ਕਿਹਾ ਗਿਆ ਸੀ ਕਿ ਗੱਲ਼ਬਾਤ ‘ਹਾਂ-ਪੱਖੀ ਤੇ ਊਸਾਰੂ’ ਰਹੀ।