ਨਵੀਂ ਦਿੱਲੀ: ਅਸਲ ਕੰਟਰੋਲ ਰੇਖਾ (LAC) 'ਤੇ ਭਾਰਤ ਤੇ ਚੀਨ ਦਰਮਿਆਨ ਤਣਾਅ ਵਧਦਾ ਜਾ ਰਿਹਾ ਹੈ। ਚੀਨ ਭਾਰਤ ਨੂੰ ਸਰਹੱਦ 'ਤੇ ਨਿਰਮਾਣ ਰੋਕਣ ਲਈ ਜ਼ੋਰ ਪਾ ਰਿਹਾ ਹੈ। ਚੀਨ ਨੇ ਭਾਰਤ 'ਤੇ ਦਬਾਅ ਬਣਾਉਣ ਲਈ ਸਰਹੱਦ 'ਤੇ 5000 ਫੌਜੀ ਵੀ ਤਾਇਨਾਤ ਕੀਤੇ ਹਨ।

ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘੱਟਦਾ ਨਹੀਂ ਵਿੱਖ ਰਿਹਾ ਕਿਉਂਕਿ ਭਾਰਤ ਨੇ ਵੀ ਚੀਨ ਨੂੰ ਟੱਕਰ ਦੇਣ ਲਈ ਸਰਹੱਦ ਤੇ ਭਾਰੀ ਫੌਜ ਤਾਇਨਾਤ ਕਰ ਦਿੱਤੀ ਹੈ। ਵਧਦੇ ਤਣਾਅ ਨੂੰ ਵੇਖਦੇ ਹੋਏ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਦੋਵਾਂ ਦੇਸ਼ਾਂ ਵਿਚਾਲੇ ਯੁੱਧ ਵਰਗੇ ਹਲਾਤ ਪੈਦਾ ਤਾਂ ਨਹੀਂ ਹੋ ਰਹੇ ਹਨ?

ਇਸ ਦੌਰਾਨ ਰੱਖਿਆ ਮਾਹਰ ਪੀਕੇ ਸਹਿਗਲ ਨੇ ਨਿਊਜ਼ ਏਜੰਸੀ ਏਐਨਆਈ ਨੂੰ ਜਾਣਕਾਰੀ ਦਿੱਤੀ ਕਿ ਚੀਨ ਦਬਾਅ ਬਣਾ ਰਿਹਾ ਹੈ ਕਿ ਜੋ ਭਾਰਤ ਆਪਣੇ ਤਰਫੋਂ ਬੁਨਿਆਦੀ ਢਾਂਚਾ ਉਸਾਰ ਰਿਹਾ ਹੈ, ਉਸ ਨੂੰ ਇਸ ਨੂੰ ਰੋਕ ਦੇਣਾ ਚਾਹੀਦਾ ਹੈ ਪਰ ਭਾਰਤ ਨੇ ਇਸ ਨੂੰ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਚੀਨ ਨੇ ਆਪਣੇ ਵੱਲ ਬਹੁਤ ਸਾਰੇ ਨਿਰਮਾਣ ਕੀਤੇ ਹਨ ਤੇ ਭਾਰਤ ਸਿਰਫ ਇਸ ਨਿਰਮਾਣ ਨਾਲ ਚੀਨ ਦੀ ਬਰਾਬਰੀ ਕਰ ਰਿਹਾ ਹੈ।

ਰੱਖਿਆ ਮਾਹਰ ਪੀ ਕੇ ਸਹਿਗਲ ਨੇ ਦੋਵਾਂ ਮੁਲਕਾਂ ਦਰਮਿਆਨ ਯੁੱਧ ਵਰਗੀ ਸਥਿਤੀ 'ਤੇ ਉਚੇਚੇ ਤੌਰ' ਤੇ ਗੱਲ ਕੀਤੀ। ਨਿਊਜ਼ ਏਜੰਸੀ ਏਐਨਆਈ ਅਨੁਸਾਰ, ਉਨ੍ਹਾਂ ਇਸ ਮੁੱਦੇ ‘ਤੇ ਕਿਹਾ ਕਿ ਉਹ ਨਹੀਂ ਸੋਚਦੇ ਕਿ ਦੋਵਾਂ ਦੇਸ਼ਾਂ ਵਿੱਚ ਕਿਸੇ ਕਿਸਮ ਦੀ ਜੰਗ ਹੋਏਗੀ ਕਿਉਂਕਿ ਲੜਨਾ ਕਿਸੇ ਦੇ ਹਿੱਤ ਵਿੱਚ ਨਹੀਂ।



ਦੱਸ ਦਈਏ ਦੋਵਾਂ ਮੁਲਕਾਂ 'ਚ 2017 ਦੇ ਡੋਕਲਾਮ ਕੇਸ ਵਰਗੇ ਹਾਲਾਤ ਹਨ। ਦੋਵੇਂ ਫ਼ੌਜਾਂ ਕੁਝ ਸੌ ਮੀਟਰ ਦੀ ਦੂਰੀ 'ਤੇ ਤਾਇਨਾਤ ਹਨ। ਜਿਵੇਂ ਕਿ ਚੀਨ ਦੇ ਫੌਜੀ ਗਤੀਵਿਧੀਆਂ ਵੱਧ ਰਹੀਆਂ ਹਨ, ਭਾਰਤ ਨੇ ਵੀ ਉਸੇ ਤਰਜ਼ 'ਤੇ ਆਪਣੀ ਸੈਨਿਕ ਤਾਕਤ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਚੀਨੀ ਸੈਨਾ ਵਲੋਂ ਭਾਰਤੀ ਧਰਤੀ 'ਤੇ ਤੰਬੂ ਵੀ ਲਗਾਏ ਗਏ ਹਨ। ਫੌਜ ਦੀ ਉੱਤਰੀ ਕਮਾਂਡ ਨੇ ਕੁਝ ਘੰਟਿਆਂ ਦੇ ਨੋਟਿਸ 'ਤੇ ਤਣਾਅ ਵਾਲੇ ਖੇਤਰ ਵਿੱਚ ਹੋਰ ਫੌਜ ਭੇਜਣ ਦੀ ਤਿਆਰੀ ਪੂਰੀ ਕਰ ਲਈ ਹੈ।