ਨਵੀਂ ਦਿੱਲੀ: ਪੈਕਡ ਤੇ ਲੇਬਲ ਵਾਲੇ ਖੁਰਾਕ ਪਦਾਰਥ ਜਿਵੇਂ ਆਟਾ, ਦਾਲਾਂ ਤੇ ਅਨਾਜ ਜੀਐੱਸਟੀ ਦੇ ਘੇਰੇ ਵਿੱਚ ਆ ਗਏ ਹਨ। ਇਨ੍ਹਾਂ ਦੇ 25 ਕਿਲੋ ਤੋਂ ਘੱਟ ਵਜ਼ਨ ਦੇ ਪੈਕੇਟ ’ਤੇ ਪੰਜ ਫੀਸਦ ਜੀਐਸਟੀ ਲਾਗੂ ਹੋ ਗਿਆ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਅਨਾਜ ਤੋਂ ਲੈ ਕੇ ਦਾਲਾਂ ਤੇ ਦਹੀਂ ਤੋਂ ਲੈ ਕੇ ਲੱਸੀ ਤੱਕ ਖੁਰਾਕ ਪਦਾਰਥਾਂ ’ਤੇ ਜੀਐਸਟੀ ਲਾਏ ਜਾਣ ਨਾਲ ਸਬੰਧਤ ਵਾਰ-ਵਾਰ ਪੁੱਛੇ ਜਾਣ ਵਾਲੇ ਸਵਾਲਾਂ ’ਤੇ ਸਪੱਸ਼ਟੀਕਰਨ ਜਾਰੀ ਕੀਤਾ ਹੈ। 


ਇਸ ’ਚ ਕਿਹਾ ਗਿਆ ਹੈ, ‘ਜੀਐਸਟੀ ਉਨ੍ਹਾਂ ਉਤਪਾਦਾਂ ’ਤੇ ਲੱਗੇਗਾ ਜਿਨ੍ਹਾਂ ਦੀ ਸਪਲਾਈ ਪੈਕੇਟ ਬੰਦ ਸਮੱਗਰੀ ਵਜੋਂ ਕੀਤੀ ਜਾ ਰਹੀ ਹੈ। ਹਾਲਾਂਕਿ ਪੈਕੇਟ ਬੰਦ ਸਾਮਾਨ ਦਾ ਵਜ਼ਨ 25 ਕਿਲੋ ਤੋਂ ਘੱਟ ਹੋਣਾ ਚਾਹੀਦਾ ਹੈ। ਦਹੀਂ ਤੇ ਲੱਸੀ ਵਰਗੇ ਪਦਾਰਥਾਂ ਲਈ ਇਹ ਹੱਦ 25 ਲਿਟਰ ਹੈ।’ ਮੰਤਰਾਲੇ ਨੇ ਕਿਹਾ, ‘18 ਜੁਲਾਈ 2022 ਤੋਂ ਫ਼ੈਸਲਾ ਲਾਗੂ ਹੋ ਗਿਆ ਹੈ ਤੇ ਪਹਿਲਾਂ ਤੋਂ ਪੈਕਡ ਤੇ ਲੇਬਲ ਵਾਲੇ ਉਤਪਾਦਾਂ ’ਤੇ ਜੀਐੱਸਟੀ ਲੱਗੇਗਾ।’ 


ਮਿਸਾਲ ਦੇ ਤੌਰ ’ਤੇ ਚੌਲ, ਕਣਕ ਵਰਗੇ ਅਨਾਜ, ਦਾਲਾਂ ਤੇ ਆਟੇ ’ਤੇ ਪਹਿਲਾਂ ਪੰਜ ਫੀਸਦ ਜੀਐੱਸਟੀ ਉਸ ਸਮੇਂ ਲੱਗਦਾ ਸੀ ਜਦੋਂ ਇਹ ਕਿਸੇ ਬਰਾਂਡ ਦੇ ਹੁੰਦੇ ਸਨ। ਹੁਣ 18 ਜੁਲਾਈ ਤੋਂ ਜੋ ਸਾਮਾਨ ਪੈਕੇਟ ਬੰਦ ਹੈ ਤੇ ਜਿਸ ’ਤੇ ਲੇਬਲ ਲੱਗਾ ਹੈ, ਉਸ ’ਤੇ ਜੀਐਸਟੀ ਲੱਗੇਗਾ। ਇਸ ਤੋਂ ਇਲਾਵਾ ਦਹੀਂ, ਲੱਸੀ ਵਰਗੀਆਂ ਵਸਤਾਂ ਜੇਕਰ ਪਹਿਲਾਂ ਤੋਂ ਪੈਕਡ ਜਾਂ ਲੇਬਲ ਵਾਲੀਆਂ ਹੋਣਗੀਆਂ ਤਾਂ ਇਨ੍ਹਾਂ ’ਤੇ ਪੰਜ ਫੀਸਦ ਦੀ ਦਰ ਨਾਲ ਜੀਐਸਟੀ ਲੱਗੇਗਾ। 


ਮੰਤਰਾਲੇ ਨੇ ਕਿਹਾ ਕਿ ਪੰਜ ਫੀਸਦ ਜੀਐਸਟੀ ਪਹਿਲਾਂ ਤੋਂ ਪੈਕਡ ਉਨ੍ਹਾਂ ਵਸਤਾਂ ’ਤੇ ਲੱਗੇਗਾ ਜਿਨ੍ਹਾਂ ਦਾ ਵਜ਼ਨ 25 ਕਿਲੋ ਜਾਂ ਇਸ ਤੋਂ ਘੱਟ ਹੈ। ਜੇਕਰ ਪ੍ਰਚੂਨ ਵਪਾਰੀ 25 ਕਿਲੋ ਦੇ ਪੈਕੇਟ ਦਾ ਸਾਮਾਨ ਲਿਆ ਕੇ ਉਸ ਨੂੰ ਖੁੱਲ੍ਹਾ ਵੇਚਦਾ ਹੈ ਤਾਂ ਉਸ ’ਤੇ ਜੀਐਸਟੀ ਨਹੀਂ ਲੱਗੇਗਾ।