ਜਨਤਾ ਲਈ 'ਆਫਤ' ਮੋਦੀ ਸਰਕਾਰ ਦਾ ਆਖਰੀ ਸਾਲ !
ਏਬੀਪੀ ਸਾਂਝਾ | 20 May 2018 01:23 PM (IST)
ਨਵੀਂ ਦਿੱਲੀ: ਮੋਦੀ ਸਰਕਾਰ ਦਾ ਆਖਰੀ ਸਾਲ ਬੀਜੇਪੀ ਤੇ ਖਾਸਕਰ ਜਨਤਾ ਲਈ ਆਫਤ ਬਣ ਸਕਦਾ ਹੈ। ਭਾਵੇਂ ਇਸ ਸਾਲ ਮੌਨਸੂਨ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ ਪਰ ਦੇਸ਼ ਵਿੱਚ ਘਰੇਲੂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਦੀ ਸੰਭਾਵਨਾ ਬਣੀ ਹੋਈ ਹੈ। ਇਸ ਦਾ ਸਭ ਤੋਂ ਵੱਧ ਅਸਰ ਪਹਿਲਾਂ ਹੀ ਨਪੀੜੀ ਹੋਈ ਜਨਤਾ 'ਤੇ ਪਏਗਾ। ਦਰਅਸਲ 'ਡਨ ਐਂਡ ਬਰਾਡ ਸਟਰੀਟ' ਦੇ ਸਰਵੇ ਅਨੁਸਾਰ ਭਾਰਤ ਵਿੱਚ ਤੇਲ ਕੀਮਤਾਂ ਵਿੱਚ ਵਾਧਾ ਪਿਛਲੇ ਕਿਸੇ ਵੀ ਸਮੇਂ ਦੇ ਮੁਕਾਬਲੇ ਸਿਖ਼ਰਾਂ ਨੂੰ ਛੂਹ ਰਿਹਾ ਹੈ। ਇਸ ਦਾ ਅਸਰ ਦੂਜੀਆਂ ਵਸਤਾਂ ਉੱਤੇ ਪੈਣਾ ਵੀ ਯਕੀਨੀ ਹੈ। ਇਸ ਕਾਰਨ ਮਹਿੰਗਾਈ ਵਧਣ ਦੀ ਸੰਭਾਵਨਾ ਬਣੀ ਹੋਈ ਹੈ। ਦੇਸ਼ ਵਿੱਚ ਖੁਰਾਕੀ ਵਸਤਾਂ ਦੀ ਪੂਰਤੀ ਦੀ ਸਭ ਤੋਂ ਵੱਡੀ ਟੇਕ ਮੌਨਸੂਨ ਦੌਰਾਨ ਭਰਵੇਂ ਮੀਂਹ ਪੈਣ ਉੱਤੇ ਨਿਰਭਰ ਕਰਦੀ ਹੈ ਪਰ ਜੇ ਮੀਂਹ ਢੁਕਵੇਂ ਨਹੀਂ ਪੈਂਦੇ ਤਾਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ। ਇਹ ਪ੍ਰਗਟਾਵਾ ਡੀ ਐਂਡ ਬੀ ਇੰਡੀਆ ਦੇ ਭਾਰਤ ਵਿਚਲੇ ਆਰਥਿਕ ਮਾਹਿਰ ਅਰੁਨ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਮਹਿੰਗਾਈ ਪਿੱਛੇ ਰੁਪਏ ਦੀ ਕੀਮਤ ਵਿੱਚ ਗਿਰਾਵਟ, ਅੰਤਰਰਾਸ਼ਟਰੀ ਵਪਾਰ ਵਿੱਚ ਤਣਾਅ ਦਾ ਉਪਜਣਾ, ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਕੀਮਤਾਂ ਵਿੱਚ ਵਾਧੇ ਵਰਗੇ ਹੋਰ ਕਾਰਨ ਵੀ ਕਿਰਿਆਸ਼ੀਲ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇਸ਼ ਵਿੱਚ ਵਿਦੇਸ਼ੀ ਪੂੰਜੀ ਨਿਵੇਸ਼, ਦੇਸ਼ ਵਿੱਚ ਹੀ ਵਸਤਾਂ ਦੇ ਉਤਪਾਦਨ ਉੱਤੇ ਧਿਆਨ ਦੇ ਰਹੀ ਹੈ ਪਰ ਫਿਰ ਵੀ ਮੌਨਸੂਨ ਰੁੱਤ ਵਿੱਚ ਮੀਂਹ ਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਆਸਮਾਨ ਛੂੰਹਦੀਆਂ ਤੇਲ ਕੀਮਤਾਂ ਕਾਰਨ ਰਸੋਈ ਵਿੱਚ ਵਰਤਿਆ ਜਾਣ ਵਾਲਾ ਸਾਮਾਨ ਮਹਿੰਗਾ ਹੋਣ ਦਾ ਡਰ ਬਣਿਆ ਹੋਇਆ ਹੈ।