ਉਦੇਪੁਰ: ਉਦੇਪੁਰ ਵਿੱਚ ਸ਼ਰਾਰਤੀ ਤੱਤਾਂ ਵੱਲੋਂ ਮਾਹੌਲ ਖਰਾਬ ਕਰਨ ਦੇ ਖਦਸ਼ੇ ਵਜੋਂ ਜ਼ਿਲ੍ਹੇ ਵਿੱਚ 24 ਘੰਟਿਆਂ ਲਈ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਅਗਲੇ ਹੁਕਮ ਤੱਕ ਇੰਟਰਨੈੱਟ 'ਤੇ ਬੈਨ ਰਵੇਗਾ।


ਜ਼ਿਲ੍ਹਾ ਮੈਜਿਸਟ੍ਰੇਟ ਬਿਸ਼ਨੂ ਚਰਨ ਨੇ ਜ਼ਿਲ੍ਹੇ ਵਿੱਚ ਧਾਰਾ 144 ਵੀ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਧਰਨਾ ਪ੍ਰਦਰਸ਼ਨ, ਰੈਲੀ ਤੇ ਭਾਸ਼ਨ ਦੇਣ 'ਤੇ ਰੋਕ ਰਵੇਗੀ। ਪੁਲਿਸ ਦੀ ਇੱਕ ਟੀਮ ਸੋਸ਼ਲ ਮੀਡੀਆ 'ਤੇ ਨਜ਼ਰ ਰੱਖ ਰਹੀ ਹੈ। ਰਾਜਸਮੰਦ ਵਿੱਚ ਹੋਈ ਹੱਤਿਆ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਾਤਲ ਦੇ ਪੱਖ ਤੇ ਵਿਰੋਧ ਵਿੱਚ ਕਾਫੀ ਕੁਝ ਕਿਹਾ ਜਾ ਰਿਹਾ ਹੈ, ਜਿਸ ਨਾਲ ਮਾਹੌਲ ਖਰਾਬ ਹੋਣ ਦਾ ਖਦਸ਼ਾ ਹੈ।

ਕਾਤਲ ਸ਼ੰਭੂਲਾਲ ਰੈਗਰ ਦੇ ਹੱਕ ਵਿੱਚ ਵਟਸਐਪ ਤੇ ਹੋਰ ਸੋਸ਼ਲ ਮੀਡੀਆ 'ਤੇ ਮੈਸੇਜ ਪਾਏ ਜਾ ਰਹੇ ਹਨ ਤੇ ਉਸ ਦੇ ਅਕਾਉਂਟ ਵਿੱਚ ਪੈਸੇ ਜਮ੍ਹਾਂ ਕਰਵਾਏ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮ੍ਰਿਤਕ ਅਫਰਾਜੁਲ ਦੇ ਪੱਖ ਵਿੱਚ ਵੀ ਰੈਲੀਆਂ ਕੱਢੀਆਂ ਜਾ ਰਹੀਆਂ ਹਨ।

ਪੁਲਿਸ ਸੋਸ਼ਲ ਮੀਡੀਆ 'ਤੇ ਨਜ਼ਰ ਰੱਖ ਰਹੀ ਹੈ। ਗਲਤ ਮੈਸੇਜ ਵਾਇਰਲ ਕਰਨ ਵਾਲਿਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ। ਕਰੀਬ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।