ਸੂਰਤ (ਗੁਜਰਾਤ): ਸੂਰਤ ਦੇ ਵਰਾਸ਼ਾ ਵਿੱਚ ਐਤਵਾਰ ਨੂੰ ਸੀਨੀਅਰ ਨਾਗਰਿਕ ਜਾਣ-ਪਛਾਣ ਸੰਮੇਲਨ ਵਿੱਚ 50 ਸਾਲਾਂ ਦੀ ਮਹਿਲਾ ਭਾਵਨਾ ਲਾਠੇਵਾਲਾ ਨੂੰ ਆਪਣਾ ਜੀਵਨ ਸਾਥੀ ਬਣਾਉਣ ਲਈ 50 ਤੋਂ 80 ਸਾਲ ਤਕ ਦੇ ਛੇ ਜਣੇ ਕਤਾਰ ਵਿੱਚ ਲੱਗੇ ਰਹੇ।


ਮੰਚ ਤੋਂ ਭਾਵਨਾ ਲਾਠੇਵਾਲਾ ਵੱਲ ਇਸ਼ਾਰਾ ਕਰਕੇ ਜਿਵੇਂ ਹੀ ਪੁੱਛਿਆ ਗਿਆ ਕਿ ਇਨ੍ਹਾਂ ਨਾਲ ਕੌਣ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਛੇ ਜਣਿਆਂ ਨੇ ਹੱਥ ਖੜ੍ਹੇ ਕਰ ਦਿੱਤੇ। ਇਸ ਪਿੱਛੋਂ ਭਾਵਨਾ ਨੇ ਸਭ ਦਾ ਇੰਟਰਵਿਊ ਲਿਆ ਤੇ ਅਖ਼ੀਰ ਆਪਣਾ ਜੀਵਨ ਸਾਥੀ ਨਨਜੀ ਯਾਦਵ ਨੂੰ ਚੁਣਿਆ।

ਇਹ ਸੰਮੇਲਨ ਅਹਿਮਦਾਬਾਦ ਦੀ ਸੰਸਥਾ ਅਨੁਬੰਧ ਫਾਊਂਡੇਸ਼ਨ ਨੇ ਵਰਾਛਾ ਸਥਿਤ ਉਮਿਆਧਾਮ ਦੇ ਵਿਸ਼ਵਾਸ ਭਵਨ ਵਿੱਚ ਕੀਤਾ। ਇਸ ਵਿੱਚ 45 ਤੋਂ ਲੈ ਕੇ 82 ਸਾਲ ਤਕ ਦੇ 235 ਸੀਨੀਅਰ ਨਾਗਰਿਕਾਂ ਨੇ ਹਿੱਸਾ ਲਿਆ। ਇਸ ਵਿੱਚ ਡਾਕਟਰ, ਇੰਜਨੀਅਰ, ਕਾਰੋਬਾਰੀ ਤੇ ਨੌਕਰੀਪੇਸ਼ਾ ਲੋਕ ਸ਼ਾਮਲ ਹੋਏ। ਇਨ੍ਹਾਂ ਵਿੱਚ 180 ਪੁਰਸ਼ ਤੇ 85 ਮਹਿਲਾਵਾਂ ਸ਼ਾਮਲ ਸਨ।

ਇੱਥੇ ਲੋਕ ਅਜਿਹੇ ਜੀਵਨ ਸਾਥੀ ਦੀ ਖੋਜ ਵਿੱਚ ਸਨ ਜਿਨ੍ਹਾਂ ਦੀ ਤਨਖ਼ਾਹ 15 ਤੋਂ 95 ਹਜ਼ਾਰ ਰੁਪਏ ਦੇ ਵਿਚਾਲੇ ਹੈ। ਸੂਰਤ ਵਿੱਚ ਅਜਿਹਾ ਸੰਮੇਲਨ ਪਹਿਲਾ ਵਾਰ ਹੋਇਆ। ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤਕ ਭੀੜ ਲੱਗੀ ਰਹੀ।

ਵਿਆਹ ਕਰਾਉਣ ਦੀਆਂ ਸ਼ਰਤਾਂ

ਕਿੰਨੇ ਪੁਰਸ਼ ਜਾਂ ਮਹਿਲਾਵਾਂ ਤੁਹਾਨੂੰ ਮਿਲਣ ਆਉਂਦੀਆਂ ਹਨ?
ਸੰਤਾਨਾਂ ਦੀ ਕੀ ਸਥਿਤੀ ਹੈ, ਉਹ ਕਿੰਨੇ ਜ਼ਿੰਮੇਵਾਰ ਹਨ?
ਸਿਹਤ ਕਿਵੇਂ ਰਹਿੰਦੀ ਹੈ?
ਦੋਵਾਂ ਦੀਆਂ ਸੰਤਾਨਾਂ ਰਿਸ਼ਤੇ ਨੂੰ ਮਨਜ਼ੂਰੀ ਦੇ ਰਹੀਆਂ ਹਨ ਜਾਂ ਨਹੀਂ?
ਵਿਆਹ ਬਾਅਦ ਦੋਵਾਂ ਵਿੱਚੋਂ ਇੱਕ ਜਣੇ ਦੀ ਮੌਤ ਹੋ ਗਈ ਤਾਂ ਕੀ ਕਰੋਗੇ?