ਨਵੀਂ ਦਿੱਲੀ: ਸਾਢੇ ਤੇਰਾਂ ਹਜ਼ਾਰ ਕਰੋੜ ਰੁਪਏ ਦੇ ਪੀਐਨਬੀ ਬੈਂਕ ਘਪਲੇ ਬਾਰੇ ਭਾਰਤ ਸਰਕਾਰ ਦੀ ਮੁਸ਼ਕਲ ਹੋਰ ਵਧ ਗਈ ਹੈ। ਘਪਲੇ ਦੇ ਮੁੱਖ ਮੁਲਜ਼ਮ ਮੇਹੁਲ ਚੌਕਸੀ ਨੇ ਭਾਰਤੀ ਨਾਗਰਿਕਤਾ ਛੱਡ ਦਿੱਤੀ ਹੈ। ਚੌਕਸੀ ਨੇ ਆਪਣੇ ਭਾਰਤੀ ਪਾਸਪੋਰਟ ਨੂੰ ਐਂਟੀਗੁਆ ਹਾਈ ਕਮਿਸ਼ਨ ਵਿੱਚ ਜਮ੍ਹਾ ਕਰ ਦਿੱਤਾ ਹੈ। ਯਾਨੀ ਹੁਣ ਚੌਕਸੀ ਨੂੰ ਭਾਰਤ ਲਿਆਉਣਾ ਮੁਸ਼ਕਲ ਹੋ ਗਿਆ ਹੈ। ਪਾਸਪੋਰਟ ਨੰਬਰ Z3396732 ਨੂੰ ਰੱਦ ਕੀਤੀਆਂ ਬੁੱਕਸ ਨਾਲ ਜਮ੍ਹਾ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਭਾਰਤੀ ਨਾਗਰਿਕਤਾ ਛੱਡਣ ਲਈ ਚੌਕਸੀ ਨੂੰ 177 ਅਮਰੀਕੀ ਡਾਲਰ ( 12,610 ਰੁਪਏ) ਦਾ ਡ੍ਰਾਫਟ ਜਮ੍ਹਾ ਕਰਨਾ ਪਿਆ ਹੈ।

ਇਸ ਸਬੰਧ ਵਿੱਚ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਜੁਆਇੰਟ ਸਕੱਤਰ ਅਮਿਤ ਨਾਰੰਗ ਨੇ ਗ੍ਰਹਿ ਮੰਤਰਾਲੇ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਹੈ। ਨਾਗਰਿਕਤਾ ਛੱਡਣ ਵਾਲੇ ਫਾਰਮ ਵਿੱਚ ਚੌਕਸੀ ਨੇ ਆਪਣਾ ਪਤਾ ਵੀ ਬਦਲ ਲਿਆ ਹੈ। ਚੌਕਸੀ ਨੇ ਹਾਈ ਕਮਿਸ਼ਨ ਨੂੰ ਕਿਹਾ ਕਿ ਉਸ ਨੇ ਨਿਯਮਾਂ ਦੀ ਪਾਲਣਾ ਕਰਦਿਆਂ ਐਂਟੀਗੁਆ ਦੀ ਨਾਗਰਿਕਤਾ ਲਈ ਤੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ।

ਦਰਅਸਲ ਚੌਕਸੀ ਭਾਰਤੀ ਨਾਗਰਿਕਤਾ ਛੱਡ ਕੇ ਹਵਾਲਗੀ ਦੀ ਕਾਰਵਾਈ ਤੋਂ ਬਚਣਾ ਚਾਹੁੰਦਾ ਹੈ। ਇਸ ਬਾਬਤ ਚੌਕਸੀ ਦੀ ਐਂਟੀਗੁਆ ਅਦਾਲਤ ਵਿੱਚ 22 ਫਰਵਰੀ ਨੂੰ ਸੁਣਵਾਈ ਹੋਏਗੀ। ਹੁਣ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਨੇ ਵਿਦੇਸ਼ ਮੰਤਰਾਲੇ ਅਤੇ ਜਾਂਚ ਏਜੰਸੀਆਂ ਨਾਲ ਮਾਮਲੇ ਦੀ ਪ੍ਰਗਤੀ ਰਿਪੋਰਟ ਮੰਗੀ ਹੈ।