ਨਵੀਂ ਦਿੱਲੀ: ਆਈਐਨਐਕਸ ਮੀਡੀਆ ਮਾਮਲੇ ਵਿੱਚ ਕਾਂਗਰਸੀ ਲੀਡਰ ਪੀ ਚਿਦੰਬਰਮ ਨੂੰ ਸੀਬੀਆਈ ਮੁਲਜ਼ਮ ਨੰਬਰ ਇੱਕ ਬਣਾਉਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਇਲਾਵਾ ਸੀਬੀਆਈ ਨੌਕਰਸ਼ਾਹਾਂ 'ਤੇ ਵੀ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ। ਸੀਬੀਆਈ ਐਫਆਈਪੀਬੀ ਨਾਲ ਜੁੜੇ ਪੰਜ ਅਧਿਕਾਰੀਆਂ ਨੂੰ ਵੀ ਮੁਲਜ਼ਮ ਬਣਾਉਣ ਦੀ ਤਿਆਰੀ ਵਿੱਚ ਹੈ। ਇਨ੍ਹਾਂ ਅਧਿਕਾਰੀਆਂ ਬਾਰੇ ਚਿਦੰਬਰਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


ਸੀਬੀਆਈ ਦਾ ਕਹਿਣਾ ਹੈ ਕਿ ਪੰਜ ਅਧਿਕਾਰੀ ਇਸ ਮਾਮਲੇ ਦੀ ਸਾਜ਼ਿਸ਼ ਵਿੱਚ ਸ਼ਾਮਲ ਹਨ। ਚਿਦੰਬਰਮ ਨੇ ਖ਼ੁਦ ਪੁੱਛਗਿੱਛ ਦੌਰਾਨ ਸੱਤ-ਅੱਠ ਅਫ਼ਸਰਾਂ ਦੇ ਨਾਂ ਲਏ ਸਨ। ਹਾਲੇ ਵੀ ਹਰ ਅਧਿਕਾਰੀ ਦੀ ਭੂਮਿਕਾ ਬਾਰੇ ਪੁੱਛਗਿੱਛ ਜਾਰੀ ਹੈ। ਇਨ੍ਹਾਂ ਅਫ਼ਸਰਾਂ ਵਿੱਚ ਤਤਕਾਲੀ ਵਧੀਕ ਸੈਕਟਰੀ ਸਿੰਧੂਸ਼੍ਰੀ ਖੁੱਲਰ, ਜੁਆਇੰਟ ਸੱਕਤਰ ਅਨੂਪ ਕੇ ਪੁਜਾਰੀ, ਡਾਇਰੈਕਟਰ ਪ੍ਰਬੋਧ ਸਕਸੈਨਾ, ਅੰਡਰ ਸੈਕਟਰੀ ਰਬਿੰਦਰ ਪ੍ਰਸਾਦ ਤੇ ਸੈਕਸ਼ਨ ਅਫ਼ਸਰ ਅਜੀਤ ਕੁਮਾਰ ਸ਼ਾਮਲ ਹਨ।


ਦੱਸ ਦਈਏ ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਚਿਦੰਬਰਮ ਦੀ ਹਿਰਾਸਤ 30 ਅਗਸਤ ਤਕ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ ਅਜੇ ਕੁਮਾਰ ਕੁਹਾੜ ਨੇ ਸੀਬੀਆਈ ਦੀ ਇਸ ਮੰਗ ਨੂੰ ਸਵੀਕਾਰ ਕਰ ਲਿਆ ਕਿ ਚਿਦੰਬਰਮ ਨੂੰ ਹਿਰਾਸਤ ਵਿੱਚ ਲੈ ਕੇ ਹੋਰ ਪੁੱਛਗਿੱਛ ਕਰਨ ਦੀ ਅਜੇ ਹੋਰ ਜ਼ਰੂਰਤ ਹੈ। ਸੀਬੀਆਈ ਦੀ ਹਿਰਾਸਤ ਦੌਰਾਨ ਅਦਾਲਤ ਨੇ ਚਿਦੰਬਰਮ ਦੇ ਪਰਿਵਾਰਕ ਮੈਂਬਰਾਂ ਤੇ ਵਕੀਲਾਂ ਨੂੰ ਹਰ ਰੋਜ਼ ਅੱਧੇ ਘੰਟੇ ਲਈ ਉਨ੍ਹਾੰ ਨਾਲ ਮਿਲਣ ਦੀ ਆਗਿਆ ਦਿੱਤੀ।