ਚੰਡੀਗੜ੍ਹ: ਬਲਾਤਕਾਰੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਅੱਜ ਪੰਜਾਬ ਹਰਿਆਣਾ ਹਾਈਕੋਰਟ ‘ਚ ਆਪਣੀ ਪੈਰੋਲ ਦੀ ਚੌਥੀ ਅਰਜ਼ੀ ਪਾਈ ਸੀ। ਇਸ ਨੂੰ ਅਦਾਲਤ ਨੇ ਇਸ ਵਾਰ ਵੀ ਖਾਰਜ ਕਰ ਦਿੱਤਾ ਹੈ। ਹਾਈਕੋਰਟ ਨੇ ਕਾਨੂੰਨੀ ਵਿਵਸਥਾ ਨੂੰ ਵੇਖਦੇ ਹੋਏ ਰਾਮ ਰਹੀਮ ਦੀ ਪੈਰੋਲ ਅਰਜ਼ੀ ਰੱਦ ਕਰ ਦਿੱਤੀ ਹੈ।


ਕਰੀਬ 45 ਮਿੰਟ ਦੀ ਬਹਿਸ ਤੋਂ ਬਾਅਦ ਹਾਈਕੋਰਟ ਨੇ ਕਿਹਾ ਕਿ ਪੰਚਕੂਲਾ ‘ਚ 2017 ਅਗਸਤ ‘ਚ ਹੋਏ ਦੰਗਿਆਂ ਨੂੰ ਦੇਖਦੇ ਹੋਏ ਰਾਮ ਰਹੀਮ ਨੂੰ ਪੈਰੋਲ ਨਹੀਂ ਦਿੱਤੀ ਜਾ ਸਕਦੀ। ਪੈਰੋਲ ਦੀ ਅਰਜ਼ੀ ਉਸ ਦੀ ਪਤਨੀ ਹਰਜੀਤ ਕੌਰ ਨੇ ਲਾਈ ਸੀ। ਉਸ ਨੇ ਰਾਮ ਰਹੀਮ ਦੀ ਪੈਰੋਲ ਲਈ ਰਾਮ ਰਹੀਮ ਦੀ ਮਾਂ ਦੇ ਇਲਾਜ ਦਾ ਹਵਾਲਾ ਦਿੰਦੇ ਹੋਏ ਤਿੰਨ ਹਫਤਿਆਂ ਦੀ ਪੈਰੋਲ ਦੀ ਮੰਗ ਕੀਤੀ ਸੀ। ਇਸ ‘ਤੇ ਕੋਰਟ ਨੇ ਕਿਹਾ ਕਿ ਰਾਮ ਰਹੀਮ ਦੀ ਮਾਂ ਦਾ ਇਲਾਜ ਡਾਕਟਰ ਕਰ ਰਹੇ ਹਨ। ਇਸ ‘ਚ ਰਾਮ ਰਹੀਮ ਦੀ ਕੀ ਲੋੜ ਹੈ।

ਇਸ ਤੋਂ ਪਹਿਲਾਂ ਤਿੰਨ ਵਾਰ ਗੁਰਮੀਤ ਰਹੀਮ ਪੈਰੋਲ ਦੀ ਅਰਜ਼ੀ ਲਾ ਚੁੱਕੇ ਹਨ। ਪਹਿਲੀ ਵਾਰ ਧੀ ਦੇ ਵਿਆਹ ਦੀ, ਦੂਜੀ ਵਾਰ ਡੇਰੇ ਦੀ ਜ਼ਮੀਨ ‘ਤੇ ਖੇਤੀ ਲਈ ਤੇ ਤੀਜੀ ਵਾਰ ਮਾਂ ਦੇ ਇਲਾਜ ਲਈ ਪਰ ਹਰ ਵਾਰ ਅਦਾਲਤ ਨੇ ਰਾਮ ਰਹੀਮ ਨੂੰ ਪੈਰੋਲ ਦੇਣ ਤੋਂ ਸਾਫ਼ ਇਨਕਾਰ ਕੀਤਾ ਹੈ।