ਨਵੀਂ ਦਿੱਲੀ : ਦਿੱਲੀ ਵਿੱਚ ਸੀਬੀਆਈ ਦੀ ਟੀਮ ਨੇ ਲਾਲੂ ਪ੍ਰਸਾਦ ਯਾਦਵ ਤੋਂ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਇਸ ਦੌਰਾਨ ਰੇਲਵੇ ਭਰਤੀ ਮਾਮਲੇ ਨਾਲ ਜੁੜੇ ਕਈ ਸਵਾਲ ਪੁੱਛੇ ਗਏ। ਕਰੀਬ ਪੰਜ ਘੰਟੇ ਤੱਕ ਚੱਲੀ ਸੀਬੀਆਈ ਦੀ ਛਾਪੇਮਾਰੀ ਵਿੱਚ ਰੇਲਵੇ ਵਿੱਚ ਨੌਕਰੀ ਨਾਲ ਸਬੰਧਤ ਕਈ ਅਹਿਮ ਦਸਤਾਵੇਜ਼ ਅਤੇ ਬੈਂਕ ਪਾਸਬੁੱਕ ਸਮੇਤ ਹੋਰ ਦਸਤਾਵੇਜ਼ ਮਿਲੇ ਹਨ। ਜਾਣਕਾਰੀ ਅਨੁਸਾਰ ਹੁਣ ਸੀਬੀਆਈ ਦੀ ਕਾਰਵਾਈ ਖ਼ਤਮ ਹੋ ਗਈ ਹੈ। ਸੀਬੀਆਈ ਦੀ ਟੀਮ ਮੀਸਾ ਭਾਰਤੀ ਦੇ ਘਰ ਤੋਂ ਬਾਹਰ ਚਲੀ ਗਈ ਹੈ। 

 

ਸੀਬੀਆਈ ਨੇ ਸ਼ੁੱਕਰਵਾਰ ਨੂੰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੇ 16 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਰੇਲਵੇ ਰਿਕਰੂਟਮੈਂਟ ਬੋਰਡ 'ਚ ਗੜਬੜੀ ਦੇ ਮਾਮਲੇ 'ਚ ਕੀਤੀ ਗਈ ਹੈ। ਲਾਲੂ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਅਤੇ ਬੇਟੀ ਮੀਸਾ ਭਾਰਤੀ ਦੇ ਪਟਨਾ, ਗੋਪਾਲਗੰਜ ਅਤੇ ਦਿੱਲੀ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਸੀਬੀਆਈ ਨੇ ਗੋਪਾਲਗੰਜ ਅਤੇ ਦਿੱਲੀ ਵਿੱਚ ਕਾਰਵਾਈ ਪੂਰੀ ਕਰ ਲਈ ਹੈ। ਸੀਬੀਆਈ ਨੇ ਰੇਲਵੇ ਵਿੱਚ ਨੌਕਰੀ ਹਾਸਲ ਕਰਨ ਵਾਲੇ ਲੋਕਾਂ ਦੇ ਘਰ ਵੀ ਛਾਪੇਮਾਰੀ ਕੀਤੀ ਹੈ।

ਸੀਬੀਆਈ ਰਾਬੜੀ ਦੇਵੀ ਅਤੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਤੋਂ ਪਟਨਾ ਵਿੱਚ ਵੱਖ-ਵੱਖ ਕਮਰਿਆਂ ਵਿੱਚ ਪੁੱਛਗਿੱਛ ਕਰ ਰਹੀ ਹੈ। ਪੁੱਛਗਿੱਛ ਲਈ 3-3 ਅਧਿਕਾਰੀਆਂ ਦੀਆਂ ਦੋ ਟੀਮਾਂ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਸੀਬੀਆਈ ਦੇ ਐਸਪੀ ਅਤੇ ਡੀਐਸਪੀ ਪੱਧਰ ਦੇ ਅਧਿਕਾਰੀ ਦਿੱਲੀ ਵਿੱਚ ਮੀਸਾ ਭਾਰਤੀ ਦੇ ਘਰ ਲਾਲੂ ਯਾਦਵ ਤੋਂ ਪੁੱਛਗਿੱਛ ਕਰਨ ਵਿੱਚ ਲੱਗੇ ਹੋਏ ਸਨ। ਭਰਤੀ ਨਾਲ ਸਬੰਧਤ ਫਾਈਲਾਂ ਬਾਰੇ ਲਾਲੂ ਤੋਂ ਜਾਣਕਾਰੀ ਹਾਸਲ ਕੀਤੀ ਗਈ ਸੀ।

 

 ਕੀ ਹੈ ਪੂਰਾ ਮਾਮਲਾ


ਦਰਅਸਲ, ਇਹ ਮਾਮਲਾ ਰੇਲਵੇ ਭਰਤੀ ਬੋਰਡ (ਆਰਆਰਬੀ) ਘੁਟਾਲੇ ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ 2004 ਤੋਂ 2009 ਦਰਮਿਆਨ ਜਦੋਂ ਲਾਲੂ ਰੇਲ ਮੰਤਰੀ ਸਨ ਤਾਂ ਨੌਕਰੀ ਦਿਵਾਉਣ ਦੇ ਬਦਲੇ ਜ਼ਮੀਨ ਅਤੇ ਪਲਾਟ ਲਏ ਗਏ ਸਨ। ਸੀਬੀਆਈ ਨੇ ਇਸੇ ਮਾਮਲੇ ਦੀ ਜਾਂਚ ਤੋਂ ਬਾਅਦ ਲਾਲੂ ਅਤੇ ਉਨ੍ਹਾਂ ਦੀ ਬੇਟੀ ਦੇ ਖਿਲਾਫ ਨਵਾਂ ਮਾਮਲਾ ਦਰਜ ਕੀਤਾ ਹੈ।

ਬਿਹਾਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਸਾਬਕਾ ਡਿਪਟੀ ਸੀਐਮ ਸੁਸ਼ੀਲ ਮੋਦੀ ਨੇ ਇਸ ਕਾਰਵਾਈ ਬਾਰੇ ਕਿਹਾ ਕਿ ਲਾਲੂ ਦੇ ਰੇਲ ਮੰਤਰੀ ਦੌਰਾਨ ਭ੍ਰਿਸ਼ਟਾਚਾਰ ਦਾ ਨਵਾਂ ਤਰੀਕਾ ਅਪਣਾਇਆ ਗਿਆ ਸੀ। ਲੋਕਾਂ ਨੂੰ ਰੇਲਵੇ ਦੇ ਡੀ ਗਰੁੱਪ ਦੀਆਂ ਨੌਕਰੀਆਂ ਦਿੱਤੀਆਂ ਗਈਆਂ ਅਤੇ ਬਦਲੇ ਵਿੱਚ ਉਨ੍ਹਾਂ ਤੋਂ ਪੈਸਿਆਂ ਦੀ ਬਜਾਏ ਜ਼ਮੀਨ ਲੈ ਲਈ ਗਈ।