ਨਵੀਂ ਦਿੱਲੀ: ਜੇਕਰ ਤੁਸੀਂ IRCTC ਤੋਂ ਆਨਲਾਈਨ ਟਿਕਟ ਦੀ ਬੁਕਿੰਗ ਕਰਦੇ ਹੋ ਤਾਂ ਤੁਹਾਡੇ ਲਈ ਇਹ ਬੇਹੱਦ ਜ਼ਰੂਰੀ ਹੈ। ਹੁਣ ਰੇਲਵੇ ਦੀ ਆਨਲਾਈਨ ਟਿਕਟ ਬੁਕਿੰਗ ਸੇਵਾ IRCTC ਦੀ ਵੈੱਬਸਾਈਟ ਤੋਂ ਭਾਰਤੀ ਸਟੇਟ ਬੈਂਕ ਤੇ ਆਈ.ਸੀ.ਆਈ.ਸੀ. ਸਮੇਤ ਕੁੱਲ 6 ਬੈਂਕਾਂ ਦੇ ਕਾਰਡਾਂ ਨਾਲ ਟਿਕਟ ਬੁੱਕ ਕਰਨ ਲਈ ਪੈਸਿਆਂ ਦੀ ਅਦਾਇਗੀ ਨਹੀਂ ਕੀਤੀ ਜਾ ਸਕਦੀ।
ਹੁਣ ਜੇਕਰ IRCTC ਤੋਂ ਟਿਕਟ ਬੁੱਕ ਕਰਨੀ ਹੈ ਤਾਂ ਤੁਹਾਨੂੰ ਐਚ.ਡੀ.ਐਫ.ਸੀ., ਇੰਡੀਅਨ ਓਵਰਸੀਜ਼ ਬੈਂਕ, ਕੈਨਰਾ ਬੈਂਕ, ਇੰਡੀਅਨ ਬੈਂਕ ਸੈਂਟਰਲ ਬੈਂਕ ਆਫ਼ ਇੰਡੀਆ, ਯੂਨਾਇਟਿਡ ਬੈਂਕ ਆਫ਼ ਇੰਡੀਆ, ਐਕਸਿਸ ਬੈਂਕ ਤੋ ਹੀ ਭੁਗਤਾਨ ਕਰ ਸਕਦੇ ਹੋ। ਇਨ੍ਹਾਂ ਬੈਂਕਾਂ ਤੋਂ ਇਲਾਵਾ ਕਿਸੇ ਹੋਰ ਬੈਂਕ ਦੇ ਕਾਰਡਾਂ ਰਾਹੀਂ ਭੁਗਤਾਨ ਨਹੀਂ ਕੀਤਾ ਜਾ ਸਕਦਾ।
ਦੱਸਣਾ ਬਣਦਾ ਹੈ ਕਿ ਨੋਟਬੰਦੀ ਤੋਂ ਬਾਅਦ ਆਈ.ਆਰ.ਸੀ.ਟੀ.ਸੀ. ਨੇ ਸੁਵਿਧਾ ਫੀਸ 20 ਰੁਪਏ ਘਟਾ ਦਿੱਤੀ ਸੀ। ਇਸ ਨੂੰ IRCTC ਬੈਂਕਾਂ ਨਾਲ ਅੱਧੋ ਅੱਧ ਵੰਡਣਾਂ ਚਾਹੁੰਦਾ ਸੀ। ਇੰਡੀਅਨ ਬੈਂਕ ਐਸੋਸੀਏਸ਼ਨ ਨਾਲ ਹੋਈ ਬੈਠਕ ਵੀ ਬੇਸਿੱਟਾ ਰਹੀ। ਆਨਲਾਈਨ ਭੁਗਤਾਨ ਕਰਨ ਵਾਲੇ ਸਾਰੇ ਮਰਚੈਂਟਸ ਵੱਲੋਂ ਇੱਕ ਹਿੱਸਾ ਬੈਂਕ ਨੂੰ ਦੇਣਾ ਹੁੰਦਾ ਹੈ, ਜਿਸ ਦੇ ਕਾਰਡ ਰਾਹੀਂ ਭੁਗਤਾਨ ਕੀਤਾ ਗਿਆ ਹੈ। ਪਰ ਆਈ.ਆਰ.ਸੀ.ਟੀ.ਸੀ. ਨੇ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ ਅਤੇ 6 ਬੈਂਕਾਂ ਨੂੰ ਬੁਕਿੰਗ ਪ੍ਰਕਿਰਿਆ ਤੋਂ ਬਲਾਕ ਕਰ ਦਿੱਤਾ ਹੈ।