Lawrence Bishnoi: NCP  ਦੇ ਨੇਤਾ ਅਤੇ ਮਹਾਰਾਸ਼ਟਰ ਸਰਕਾਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ (Baba Siddique) ਆਪਣੇ ਬੇਟੇ ਜੀਸ਼ਾਨ ਦੇ ਦਫ਼ਤਰ ਤੋਂ ਬਾਹਰ ਆਏ ਸਨ ਫਿਰ ਉਸ 'ਤੇ 6 ਗੋਲੀਆਂ ਚਲਾਈਆਂ ਗਈਆਂ ਦੋ ਗੋਲੀਆਂ ਸਿੱਦੀਕੀ ਦੇ ਢਿੱਡ ਵਿੱਚ ਅਤੇ ਇੱਕ ਛਾਤੀ ਵਿੱਚ ਲੱਗੀ। ਉਸ ਨੂੰ ਤੁਰੰਤ ਲੀਲਾਵਤੀ ਹਸਪਤਾਲ (Lilavati Hospita) 'ਚ ਭਰਤੀ ਕਰਵਾਇਆ ਗਿਆ, ਜਿੱਥੇ ਰਾਤ 11.27 'ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।


ਘਟਨਾ ਤੋਂ ਬਾਅਦ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਲਾਰੈਂਸ ਬਿਸ਼ਨੋਈ ( Lawrence Bishnoi) ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਬਾਬਾ ਸਿੱਦੀਕੀ ਰੀਅਲ ਅਸਟੇਟ ਦੇ ਕਾਰੋਬਾਰ ਨਾਲ ਵੀ ਜੁੜੇ ਹੋਏ ਸਨ। ਹਾਲਾਂਕਿ, ਉਹ ਰਾਜਨੀਤੀ ਅਤੇ ਕਾਰੋਬਾਰ ਤੋਂ ਵੱਧ ਆਪਣੇ ਬਾਲੀਵੁੱਡ ਕਨੈਕਸ਼ਨਾਂ ਕਾਰਨ ਮਸ਼ਹੂਰ ਰਹੇ।



ਮੰਨਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਬਾਬਾ ਸਿੱਦੀਕੀ ਦੇ ਕਤਲ ਰਾਹੀਂ ਬਾਲੀਵੁੱਡ ਅਤੇ ਬਿਲਡਰ ਲਾਬੀ ਵਿੱਚ ਆਪਣਾ ਪ੍ਰਭਾਵ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸਲਮਾਨ ਖ਼ਾਨ (Salman Khan) ਅਤੇ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਨੂੰ ਧਮਕੀਆਂ ਦੇਣਾ ਤੇ ਫਿਰ ਸਲਮਾਨ ਦੇ ਘਰ 'ਤੇ ਗੋਲੀਬਾਰੀ ਕਰਨਾ ਵੀ ਇਸੇ ਕੋਸ਼ਿਸ਼ ਦਾ ਹਿੱਸਾ ਹੈ। ਉਸ ਦਾ ਕੰਮ ਕਰਨ ਦਾ ਅੰਦਾਜ਼ ਅੰਡਰਵਰਲਡ ਡਾਨ ਦਾਊਦ ਇਬਰਾਹਿਮ (Dawood Ibrahim) ਵਰਗਾ ਹੈ।


ਲਾਰੈਂਸ ਬਿਸ਼ਨੋਈ ਗੈਂਗ ਦਾ ਨੈੱਟਵਰਕ 12 ਰਾਜਾਂ ਵਿੱਚ ਫੈਲਿਆ ਹੋਇਆ ਹੈ। ਲਾਰੈਂਸ ਗੈਂਗ ਨੇ ਬਾਬਾ ਸਿੱਦੀਕੀ ਨੂੰ ਕਿਉਂ ਨਿਸ਼ਾਨਾ ਬਣਾਇਆ, ਕੀ ਇਹ ਅਸਲ ਵਿੱਚ ਸਲਮਾਨ ਨਾਲ ਉਸਦੀ ਦੋਸਤੀ ਹੈ ਜਾਂ ਇਹ ਡੀ ਕੰਪਨੀ ਵਾਂਗ ਮੁੰਬਈ ਨੂੰ ਆਪਣਾ ਗੜ੍ਹ ਬਣਾਉਣ ਦੀ ਕੋਸ਼ਿਸ਼ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹਨ।



ਇਸ ਮਾਮਲੇ ਬਾਬਤ, ਸੀਨੀਅਰ ਪੱਤਰਕਾਰ ਵਿਵੇਕ ਪ੍ਰਕਾਸ਼, ਜਿਨ੍ਹਾਂ ਨੇ ਅੰਡਰਵਰਲਡ 'ਤੇ 12 ਤੋਂ ਵੱਧ ਕਿਤਾਬਾਂ ਲਿਖੀਆਂ ਹਨ, ਦਾ ਕਹਿਣਾ ਹੈ, 'ਪਹਿਲਾਂ ਸਲਮਾਨ ਖ਼ਾਨ ਅਤੇ ਉਨ੍ਹਾਂ ਦੇ ਪਿਤਾ ਨੂੰ ਧਮਕੀਆਂ ਦਿੱਤੀਆਂ ਗਈਆਂ, ਉਨ੍ਹਾਂ ਦੇ ਘਰ 'ਤੇ ਗੋਲੀਬਾਰੀ ਕੀਤੀ ਗਈ। ਹੁਣ ਬਿਸ਼ਨੋਈ ਦਾ ਨਾਂਅ ਬਾਬਾ ਸਿੱਦੀਕੀ ਦੇ ਕਤਲ ਵਿੱਚ ਵੀ ਸਾਹਮਣੇ ਆ ਰਿਹਾ ਹੈ। ਇਸ ਤੋਂ ਸਪੱਸ਼ਟ ਹੈ ਕਿ ਲਾਰੈਂਸ ਬਾਲੀਵੁੱਡ, ਰਾਜਨੀਤੀ ਤੇ ਬਿਲਡਰ ਲਾਬੀ ਵਿੱਚ ਆਪਣਾ ਪ੍ਰਭਾਵ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।


ਮੁੰਬਈ 'ਚ ਆਪਣਾ ਪ੍ਰਭਾਵ ਵਧਾਉਣ ਲਈ ਉਹ ਬਾਲੀਵੁੱਡ ਦੇ ਵੱਡੇ ਅਭਿਨੇਤਾ ਯਾਨੀ ਸਲਮਾਨ ਖਾਨ ਨੂੰ ਮੋਹਰਾ ਬਣਾ ਰਿਹਾ ਹੈ। ਅੰਡਰਵਰਲਡ ਨਾਲ ਜੁੜੇ ਲੋਕਾਂ ਨੇ 70, 80 ਅਤੇ 90 ਦੇ ਦਹਾਕੇ ਵਿੱਚ ਇਸ ਤਰੀਕੇ ਦੀ ਵਰਤੋਂ ਕੀਤੀ। ਇਸ ਦੇ ਜ਼ਰੀਏ ਬਿਸ਼ਨੋਈ ਮੁੰਬਈ 'ਚ ਆਪਣਾ ਸਾਮਰਾਜ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।