ਸ੍ਰੀਲੰਕਾ ਮਗਰੋਂ IS ਦੀ ਭਾਰਤ 'ਤੇ ਅੱਖ, ਮੰਦਰਾਂ ਤੇ ਚਰਚ 'ਤੇ ਹੋ ਸਕਦੇ ਹਮਲੇ
ਏਬੀਪੀ ਸਾਂਝਾ | 20 Jun 2019 02:42 PM (IST)
ਤਮਿਲਨਾਡੂ ਦੇ ਕੋਇੰਬਟੂਰ ਵਿੱਚ ਕੌਮੀ ਜਾਂਚ ਏਜੰਸੀ (NIA) ਨੇ 12 ਜੂਨ ਨੂੰ ਆਈਐਸ ਸਮਰਥਕ ਚਾਰ ਸ਼ੱਕੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਆਈਐਸ ਦੇ ਅੱਤਵਾਦੀ ਕਈ ਮੰਦਰਾਂ ਤੇ ਚਰਚ 'ਤੇ ਫਿਦਾਇਨ ਹਮਲੇ ਕਰਨ ਦੀ ਸਾਜ਼ਿਸ਼ ਘੜ ਰਹੇ ਹਨ। ਇਹ ਸ਼ੱਕੀ ਵੀ ਉਸ ਸਾਜ਼ਿਸ਼ ਵਿੱਚ ਸ਼ਾਮਲ ਸਨ।
ਚੰਡੀਗੜ੍ਹ: ਸ੍ਰੀਲੰਕਾ ਵਿੱਚ ਸੀਰੀਅਲ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲੈਣ ਵਾਲੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸਆਈਐਸ) ਦੀ ਅੱਖ ਹੁਣ ਭਾਰਤ 'ਤੇ ਆ ਪਈ ਹੈ। ਤਮਿਲਨਾਡੂ ਦੇ ਕੋਇੰਬਟੂਰ ਵਿੱਚ ਕੌਮੀ ਜਾਂਚ ਏਜੰਸੀ (NIA) ਨੇ 12 ਜੂਨ ਨੂੰ ਆਈਐਸ ਸਮਰਥਕ ਚਾਰ ਸ਼ੱਕੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਆਈਐਸ ਦੇ ਅੱਤਵਾਦੀ ਕਈ ਮੰਦਰਾਂ ਤੇ ਚਰਚ 'ਤੇ ਫਿਦਾਇਨ ਹਮਲੇ ਕਰਨ ਦੀ ਸਾਜ਼ਿਸ਼ ਘੜ ਰਹੇ ਹਨ। ਇਹ ਸ਼ੱਕੀ ਵੀ ਉਸ ਸਾਜ਼ਿਸ਼ ਵਿੱਚ ਸ਼ਾਮਲ ਸਨ। NIA ਨੇ ਸ੍ਰੀਲੰਕਾ ਤੋਂ ਮਿਲੀ ਜਾਣਕਾਰੀ ਦੇ ਬਾਅਦ 12 ਜੂਨ ਨੂੰ ਕੋਇੰਬਟੂਰ ਵਿੱਚ ਸੱਤ ਥਾਈਂ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਏਜੰਸੀ ਨੇ ਚਾਰ ਜਣੇ ਗ੍ਰਿਫ਼ਤਾਰ ਕੀਤੇ। ਇਨ੍ਹਾਂ ਵਿੱਚ ਸ੍ਰੀਲੰਕਾ ਧਮਾਕਿਆਂ ਦੇ ਮੁੱਖ ਮੁਲਜ਼ਮ ਜ਼ਹਿਰਾਨ ਹਾਸ਼ਿਮ ਦਾ ਫੇਸਬੁੱਕ ਦੋਸਤ ਮੋਹੰਮਦ ਅਜ਼ਰੁੱਦੀਨ ਵੀ ਸ਼ਾਮਲ ਹੈ। ਹੋਰ ਸ਼ੱਕੀਆਂ ਵਿੱਚ ਸ਼ਾਹਜਹਾਂ, ਮੁਹੰਮਦ ਹੁਸੈਨ ਤੇ ਸ਼ੇਖ ਸੈਫੁੱਲਾਹ ਸ਼ਾਮਲ ਹਨ। ਖ਼ੂਫੀਆ ਵਿਭਾਗ ਨੇ ਕੇਰਲ ਪੁਲਿਸ ਪ੍ਰਸ਼ਾਸਨ ਨੂੰ ਚਿੱਠੀ ਲਿਖ ਕੇ ਚੇਤਾਵਨੀ ਦੇ ਦਿੱਤੀ ਹੈ। ਸੂਤਰਾਂ ਮੁਤਾਬਕ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਆਈਐਸ ਨੂੰ ਸੀਰੀਆ ਤੇ ਇਰਾਕ ਵਿੱਚ ਕਾਫੀ ਨੁਕਸਾਨ ਹੋਇਆ ਹੈ। ਇਸ ਲਈ ਆਈਐਸ ਹੁਣ ਹਿੰਦ ਮਹਾਂਸਾਗਰ ਵੱਲ ਵਧ ਰਹੀ ਹੈ। ਚਿੱਠੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਆਈਐਸ ਨੇ ਹੁਣ ਆਪਣੇ ਸਮਰਥਕਾਂ ਨੂੰ ਆਪਣੇ-ਆਪਣੇ ਦੇਸ਼ ਵਿੱਚ ਰਹਿ ਕੇ ਹੀ ਸਰਗਰਮ ਹੋਣ ਤੇ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਕਿਹਾ ਹੈ।