ਨਵੀਂ ਦਿੱਲੀ :  ਖ਼ੁਫ਼ੀਆ ਵਿਭਾਗ ਨੇ ਗ੍ਰਹਿ ਮੰਤਰਾਲੇ ਨੂੰ ਇੱਕ ਅਹਿਮ ਰਿਪੋਰਟ ਸੌਂਪੀ ਹੈ, ਜਿਸ ਵਿੱਚ ਖ਼ੁਲਾਸਾ ਹੋਇਆ ਹੈ ਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ ਐਸ ਆਈ ਕਸ਼ਮੀਰ ਦੇ ਨੌਜਵਾਨਾਂ ਵਿੱਚ ਆਈ ਐਸ ਦੀ ਵਿਚਾਰਧਾਰਾ ਦੀ ਤਰਜ਼ ਉੱਤੇ ਕੱਟੜਤਾ ਪੈਦਾ ਕਰਨ ਵਿੱਚ ਲੱਗਿਆ ਹੋਇਆ ਹੈ।



ਸੂਤਰਾਂ ਅਨੁਸਾਰ ISI ਨੇ ਕਸ਼ਮੀਰੀ ਨੌਜਵਾਨਾਂ ਨੂੰ IS ਦੀ ਵਿਚਾਰਧਾਰਾ ਨਾਲ ਜੋੜਨ ਲਈ ਵਿਆਪਕ ਯੋਜਨਾ ਉਲੀਕੀ ਹੈ। ਜਿਸ ਦੇ ਤਹਿਤ ਕਸ਼ਮੀਰੀਆਂ ਨੂੰ ਪਾਕਿਸਤਾਨ ਦੇ ਨਾਲ ਜੋੜਨਾ ਪ੍ਰਮੁੱਖ ਹੈ। ਯੋਜਨਾ ਦੇ ਤਹਿਤ ਕਸ਼ਮੀਰ ਘਾਟੀ ਵਿੱਚ ਨੌਜਵਾਨਾਂ ਨੂੰ ਦਹਿਸ਼ਤਗਰਦ ਅਤੇ ਪੱਥਰਬਾਜ਼ੀ ਦੇ ਲਈ ਤਿਆਰ ਕਰਨ ਲਈ ਬਕਾਇਦਾ ਨਿਗਰਾਨ ਨਿਯੁਕਤ ਕੀਤੇ ਗਏ ਹਨ।



ਆਈ ਐਸ ਆਈ ਦੇ ਨਿਸ਼ਾਨੇ ਉੱਤੇ ਵਾਦੀ ਦੇ 9ਵੀਂ ਤੋਂ ਲੈ ਕੇ 12 ਜਮਾਤ ਤੱਕ ਦੇ ਵਿਦਿਆਰਥੀ ਹਨ। ਇੱਥੇ ਹੀ ਬੱਸ ਨਹੀਂ ,ਆਈ ਐਸ ਆਈ ਵੱਖਵਾਦੀਆਂ ਦੀ ਨਵੀਂ ਟੀਮ ਵੀ ਤਿਆਰ ਕਰਨ ਵਿੱਚ ਲੱਗਾ ਹੋਇਆ ਹੈ। ਪਾਕਿਸਤਾਨੀ ਖ਼ੁਫ਼ੀਆ ਏਜੰਸੀ ਨੇ ਵੱਖ ਵੱਖਵਾਦੀ ਸੰਗਠਨਾਂ ਦੇ ਫ਼ੰਡ ਵਿੱਚ ਵੀ ਕਟੌਤੀ ਕੀਤੀ ਹੈ।



ਪਾਕਿਸਤਾਨ ਵਾਦੀ ਵਿੱਚ ਆਧੁਨਿਕ ਸਕੂਲਾਂ ਨੂੰ ਖ਼ਤਮ ਕਰ ਕੇ ਮਜ਼੍ਹਬੀ ਸਿੱਖਿਆ ਨੂੰ ਵਧਾਵਾ ਦੇਣ ਕੇ ਕੱਟੜਪੰਥੀਆਂ ਦੀ ਸੈਨਾ ਤਿਆਰ ਕਰਨ ਦੀ ਕੋਸ਼ਿਸ਼ ਵਿੱਚ ਹੈ। ਖ਼ੁਫ਼ੀਆ ਰਿਪੋਰਟ ਅਨੁਸਾਰ ਆਈ ਐਸ ਆਈ ਨੇ ਵਾਦੀ ਵਿੱਚ ਕਰੀਬ 2500 ਲੋਕਾਂ ਦੀ ਸੈਨਾ ਤਿਆਰ ਕਰ ਲਈ ਹੈ ਜਿਸ ਦੇ ਜਰੀਏ ਵਾਦੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।



 ਇਸ ਵਿਚੋਂ 1500 ਲੋਕ ਸਿਰਫ਼ ਦੱਖਣੀ ਕਸ਼ਮੀਰ ਵਿੱਚ ਸਰਗਰਮ ਹਨ, ਜਿੱਥੇ ਸਕੂਲਾਂ ਨੂੰ ਤਬਾਹ ਕਰਨ ਦੀ ਸਭ ਤੋਂ ਵੱਧ ਕੋਸਿਸ ਹੋਈ ਹੈ। 400 ਮੈਂਬਰ ਕੇਂਦਰੀ ਕਸ਼ਮੀਰ ਵਿੱਚ ਅਤੇ 600 ਦੇ ਕਰੀਬ ਉੱਤਰੀ ਕਸ਼ਮੀਰ ਵਿੱਚ ਸਰਗਰਮ ਹਨ।