Afghanistan Crisis: ਮੰਗਲਵਾਰ ਨੂੰ ਅਫ਼ਗ਼ਾਨਿਸਤਾਨ ਤੋਂ 120 ਭਾਰਤੀਆਂ ਨੂੰ ਲੈ ਕੇ ਭਾਰਤੀ ਹਵਾਈ ਫ਼ੌਜ ਦਾ ਖ਼ਾਸ ਜਹਾਜ਼ ਸੀ-17 ਗਲੋਬਮਾਸਟਰ ਵਤਨ ਪਰਤਿਆ ਸੀ, ਜਿਸ ਵਿੱਚ ਤਿੰਨ ਖ਼ਾਸ ਮਹਿਮਾਨ ਵੀ ਸਨ। ਇਹ ਮਹਿਮਾਨ ਸੀ ਇੰਡੋ-ਤਿੱਬਤ ਬਾਰਡਰ ਪੁਲਿਸ ਦੇ ਕੇ-9 ਸਕੁਐਡ ਦੇ ਤਿੰਨ ਸੂਹੀਆ ਕੁੱਤੇ, ਰੋਬੀ, ਬੌਬੀ ਅਤੇ ਮਾਇਆ। ਇਨ੍ਹਾਂ ਤਿੰਨਾ ਕੈਨਾਇਨ ਨੇ ਪਿਛਲੇ ਤਿੰਨ ਸਾਲਾਂ ਵਿੱਚ ਕਾਬੁਲ ਸਥਿਤ ਭਾਰਤੀ ਦੂਤਘਰ ਦੀ ਰਾਖੀ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ।


ਮੰਗਲਵਾਰ ਨੂੰ ਜਦ ਆਈਟੀਬੀਪੀ ਦੇ 99 ਕਮਾਂਡੋ ਅਫ਼ਗ਼ਾਨਿਸਤਾਨ ਤੋਂ ਪਰਤੇ ਤਾਂ ਆਪਣੇ ਤਿੰਨ ਸਾਥੀਆਂ ਨੂੰ ਵੀ ਲਿਆਉਣਾ ਨਹੀਂ ਭੁੱਲੇ। ਤੁਹਾਨੂੰ ਦੱਸ ਦੇਈਏ ਕਿ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਅਫ਼ਗ਼ਾਨਿਸਤਾਨ ਸਥਿਤ ਭਾਰਤੀ ਦੂਤਘਰ ਅਤੇ ਕੰਧਾਰ, ਹੈਰਾਤ, ਮਜ਼ਾਰ-ਏ-ਸ਼ਰੀਫ਼ ਅਤੇ ਜਲਾਲਾਬਾਦ ਸਥਿਤ ਚਾਰ ਕੌਂਸੁਲੇਟਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਆਈਟੀਬੀਪੀ ਦੇ ਹਵਾਲੇ ਸੀ। ਸਾਲ 2008 ਵਿੱਚ ਕਾਬੁਲ ਸਥਿਤ ਦੂਤਘਰ 'ਤੇ ਹੋਏ ਵੱਡੇ ਅੱਤਵਾਦੀ ਹਮਲੇ ਵਿੱਚ ਤਕਰੀਬਨ 300 ਕਮਾਂਡੋ ਤਾਇਨਾਤ ਸਨ। ਇਨ੍ਹਾਂ ਦੇ ਨਾਲ ਆਈਟੀਬੀਪੀ ਦੀ ਕੇ-9 ਟੁਕੜੀ ਦੇ ਖ਼ਾਸ ਸਨਿੱਫਰ ਡਾਗਸ ਵੀ ਤਾਇਨਾਤ ਕੀਤੇ ਗਏ ਸਨ।


ਆਈਟੀਬੀਪੀ ਦੇ ਸੀਨੀਅਰ ਅਧਿਕਾਰੀ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ ਰੋਬੀ, ਬੌਬੀ ਅਤੇ ਮਾਇਆ ਨੇ ਨਾ ਸਿਰਫ ਅੰਬੈਸੀ ਨੂੰ ਆਈਈਡੀ ਅਤੇ ਅੱਤਵਾਦੀ ਹਮਲਿਆਂ ਤੋਂ ਦੂਰ ਰੱਖਿਆ ਬਲਕਿ ਭਾਰਤੀ ਸਫ਼ੀਰਾਂ ਤੇ ਦੂਤਘਰ ਵਿੱਚ ਤਾਇਨਾਤ ਅਮਲੇ ਨੂੰ ਵੀ ਸੁਰੱਖਿਆ ਪ੍ਰਦਾਨ ਕੀਤੀ। ਰੋਬੀ ਨਾਂਅ ਦਾ ਕੁੱਤਾ ਮੈਲੀਨੌਇਸ ਨਸਲ ਦਾ ਹੈ ਤੇ ਬੌਬੀ ਦੀ ਨਸਲ ਡਾਬਰਮੈਨ ਹੈ ਜਦਕਿ ਮਾਇਆ ਲੈਬਰੇਡਾਰ ਹੈ।


ਤਿੰਨੇ ਕੁੱਤਿਆਂ ਦੀ ਟ੍ਰੇਨਿੰਗ ਆਈਟੀਬੀਪੀ ਦੇ ਪੰਚਕੂਲਾ ਸਥਿਤ ਐਨਟੀਸੀਡੀ ਕੇਂਦਰ 'ਚ ਹੋਈ ਸੀ। ਤਿੰਨਾਂ ਦੇ ਹੈਂਡਲਰ ਕਾਂਸਟੇਬਲ ਕਿਸ਼ਨ ਕੁਮਾਰ, ਹੈੱਡ ਕਾਂਸਟੇਬਲ ਬਿਜੇਂਦਰ ਸਿੰਘ ਅਤੇ ਕਾਂਸਟੇਬਲ ਅਤੁਲ ਕੁਮਾਰ ਵੀ ਮੰਗਲਵਾਰ ਨੂੰ ਖ਼ਾਸ ਉਡਾਨ ਰਾਹੀਂ ਭਾਰਤ ਪਰਤ ਆਏ। ਵਤਨ ਵਾਪਸੀ ਉਪਰੰਤ ਸਾਰੇ ਜਵਾਨਾਂ ਤੇ ਤਿੰਨੇ ਕੁੱਤਿਆਂ ਨੂੰ ਦਿੱਲੀ ਸਥਿਤ ਆਈਟੀਬੀਪੀ ਦੇ ਛਾਵਲਾ ਕੈਂਪ ਭੇਜਿਆ ਗਿਆ ਹੈ।