ਨਵੀਂ ਦਿੱਲੀ : ਸੀਬੀਆਈ ਨੇ 1984 ਦੇ ਸਿੱਖ ਕਤਲੇਆਮ ਕੇਸ ਵਿੱਚ ਜਗਦੀਸ਼ ਟਾਈਟਲਰ ਖਿਲਾਫ ਜਾਂਚ ਰਿਪੋਰਟ ਪੇਸ਼ ਕਰਨ ਲਈ ਚਾਰ ਮਹੀਨੇ ਦਾ ਹੋਰ ਸਮਾਂ ਮੰਗਿਆ ਹੈ। ਜਾਂਚ ਏਜੰਸੀ ਨੇ ਅਡੀਸ਼ਨਲ ਚੀਫ ਮੈਟੋਰਪਾਲਿਟਨ ਮੈਜਿਸਟਰੇਟ ਸ਼ਿਵਾਲੀ ਸ਼ਰਮਾ ਅੱਗੇ ਹੋਰ ਸਮਾਂ ਦੇਣ ਲਈ ਦਲੀਲ ਦਿੱਤੀ ਹੈ। ਯਾਦ ਰਹੇ ਕਿ ਮਾਣਯੋਗ ਅਦਾਲਤ ਨੇ ਹੀ ਜਾਂਚ ਵਿੱਚ ਤੇਜ਼ੀ ਲਿਆਉਣ ਅਤੇ ਆਖ਼ਰੀ ਰਿਪੋਰਟ ਦਾਖ਼ਲ ਕਰਨ ਦਾ ਸੀਬੀਆਈ ਨੂੰ ਨਿਰਦੇਸ਼ ਦਿੱਤਾ ਸੀ।
ਮੈਜਿਸਟਰੇਟ ਨੇ ਜਾਂਚ ਏਜੰਸੀ ਨੂੰ ਪੁੱਛਿਆ ਕਿ ਜਾਂਚ ਪੂਰੀ ਕਰਨ ਲਈ ਕਿੰਨਾ ਸਮਾਂ ਚਾਹੀਦਾ ਹੈ? ਸੀਬੀਆਈ ਅਧਿਕਾਰੀਆਂ ਨੇ ਕਿਹਾ ਕਿ ਉਹ ਕੁਝ ਏਜੰਸੀਆਂ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਨ, ਜਿਸ ਵਿੱਚ ਕੁਝ ਸਮਾਂ ਲੱਗੇਗਾ। ਪੜਤਾਲ ਪੂਰੀ ਕਰਨ ਲਈ ਘੱਟੋ-ਘੱਟ ਚਾਰ ਮਹੀਨੇ ਦਾ ਸਮਾਂ ਲੱਗੇਗਾ।
ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 16 ਫਰਵਰੀ ’ਤੇ ਪਾ ਦਿੱਤੀ ਹੈ। ਇਸੇ ਦੌਰਾਨ ਦੰਗਾ ਪੀੜਤਾਂ ਦੀ ਨੁਮਾਇੰਦਗੀ ਕਰਨ ਵਾਲੇ ਐਚ ਐਸ ਫੂਲਕਾ ਨੇ ਦੋਸ਼ ਲਾਇਆ ਕਿ ਸੀਬੀਆਈ ਇਸ ਮਾਮਲੇ ਵਿੱਚ ਟਾਇਟਲਰ ਨੂੰ ਤਿੰਨ ਵਾਰ ਕਲੀਨ ਚਿੱਟ ਦੇ ਕੇ ਉਸ ਦਾ ਬਚਾਅ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਕਰਨ ਵਿੱਚ ਉਹ ਏਜੰਸੀ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣ ਨੂੰ ਤਿਆਰ ਹਨ।