ਨਵੀਂ ਦਿੱਲੀ: ਦੇਸ਼ ਦੀਆਂ ਵੱਡੀਆਂ ਖੁਫੀਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ ਕਿ ਪਾਕਿਸਤਾਨੀ ਅੱਤਵਾਦੀ ਇੱਕ ਵਾਰ ਫਿਰ ਭਾਰਤ ਵਿੱਚ ਮੁੰਬਈ 26/11 ਤੇ ਪਠਾਨਕੋਟ ਏਅਰਬੇਸ ਵਰਗੇ ਵੱਡੇ ਅੱਤਵਾਦੀ ਹਮਲੇ ਕਰ ਸਕਦੇ ਹਨ। ਇਸ ਅਲਰਟ ਮੁਤਾਬਕ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਆਪਣੀ ‘ਡੀਪ ਡਾਈਵਿੰਗ ਐਂਡ ਸਵੀਮਿੰਗ’ ਸਕਾਊਟ ਬਣਾ ਰਿਹਾ ਹੈ। ਇਸ ਨੂੰ ਭਾਰਤ ਦੇ ਕਿਸੇ ਵੱਡੇ ਨੇਵੀ ਬੇਸ ਜਾਂ ਜੰਗੀ ਬੇੜੇ ’ਤੇ ਹਮਲੇ ਲਈ ਤਿਆਰ ਕੀਤਾ ਜਾ ਰਿਹਾ ਹੈ।

ਖੁਫੀਆ ਏਜੰਸੀਆਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਿਵੇਂ ਅੱਤਵਾਦੀ ਸੰਗਠਨ ਜੈਸ਼ ਆਪਣੇ ਪਾਕਿਸਤਾਨ ਸਥਿਤ ਬਹਾਵਲਪੁਰ ਹੈੱਡਕੁਆਰਟਰ ਵਿੱਚ ਇਹ ‘ਡੀਪ ਡਾਈਵਿੰਗ ਐਂਡ ਸਵੀਮਿੰਗ’ ਦਸਤਾ ਤਿਆਰ ਕਰ ਰਿਹਾ ਹੈ। ਇਸ ਵਿੱਚ ਸਾਫ ਤੌਰ ’ਤੇ ਲਿਖਿਆ ਹੈ ਕਿ ਜੈਸ਼-ਏ-ਮੁਹੰਮਦ ਭਾਰਤ ਦੇ ‘ਨੇਵਲ ਅਸੈੱਟ’ ’ਤੇ ਹਮਲਾ ਕਰ ਸਕਦਾ ਹੈ ਜਾਂ ਕੋਈ ‘ਸਪੈਸ਼ਲ ਮਿਸ਼ਨ’ ਲਾਂਚ ਕਰ ਸਕਦਾ ਹੈ। ਬਹਾਵਲਪੁਰ ਪਾਕਿਤਸਾਨ ਦੇ ਪੰਜਾਬ ਵਿੱਚ ਸਥਿਤ ਹੈ। ਪਹਿਲੀ ਵਾਰ ਪਾਕਿਸਤਾਨ ਤੋਂ ਸਰਗਰਮ ਅੱਤਵਾਦੀ ਸੰਗਠਨ ਕਿਸੇ ਮੇਰੀਨ ਦਸਤੇ ਨੂੰ ਤਿਆਰ ਕਰ ਰਹੇ ਹਨ। ਯਾਦ ਰਹੇ ਕਿ ਇਸ ਤੋਂ ਪਹਿਲਾਂ ਲਸ਼ਕਰ-ਏ-ਤਾਇਬਾ ਵੱਲੋਂ ਪੈਰਾਗਲਾਈਡਿੰਗ ਦਸਤਾ ਤਿਆਰ ਕਰਨ ਦੀਆਂ ਵੀ ਖਬਰਾਂ ਆਈਆਂ ਸੀ।

ਗੌਰਤਲਬ ਹੈ ਕਿ ਸਾਲ 2000 ਵਿੱਚ ਅਰਬ ਦੇਸ਼, ਯਮਨ ਦੇ ਅਦਨ ਪੋਰਟ ’ਤੇ ਅਮਰੀਕਾ ਦੇ ਇੱਕ ਜੰਗੀ ਬੇੜੇ ’ਤੇ ਅੱਤਵਾਦੀਆਂ ਨੇ ਕਿਸ਼ਤੀ ਨਾਲ ਟੱਕਰ ਮਾਰ ਕੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਅਮਰੀਕਾ ਦਾ ਜੰਗੀ ਬੰੜੇ ਕਾਫੀ ਨੁਕਸਾਨਿਆ ਗਿਆ ਸੀ ਤੇ 19 ਜਵਾਨ ਵੀ ਮਾਰੇ ਗਏ ਸੀ।

ਹੁਣ ਇਸੇ ਤਰ੍ਹਾਂ ਦਾ ਕੋਈ ਹਮਲਾ ਭਾਰਤੀ ਜੰਗੀ ਬੇੜੇ ’ਤੇ ਨਾ ਹੋਵੇ, ਇਸ ਲਈ ਭਾਰਤੀ ਜਲ ਸੈਨਾ ਨੇ ਆਪਣੇ ਜਵਾਨਾਂ ਤੇ ਮਰੀਨ ਕਮਾਂਡੋਆਂ ਨੂੰ ਸਖ਼ਤ ਸ਼ਬਦਾਂ ਵਿੱਚ ਹੁਕਮ ਦਿੱਤੇ ਹਨ ਕਿ ਕਿਸੇ ਵੀ ਛੋਟੀ ਬੇੜੀ ਨੂੰ ਆਪਣੇ ਜੰਗੀ ਬੇੜੇ ਦੇ ਆਸਪਾਸ ਨਾ ਆਉਣ ਦਿੱਤਾ ਜਾਏ। ਜੇ ਕੋਈ ਕਿਸ਼ਤੀ ਆਸਪਾਸ ਆਉਂਦੀ ਹੈ ਤਾਂ ਉਸ ’ਤੇ ਤੁਰੰਤ ਜ਼ਰੂਰੀ ਕਾਰਵਾਈ ਕੀਤੀ ਜਾਏ। ਇਸ ਦੇ ਨਾਲ ਹੀ ਜਲ ਸੈਨਾ ਨੇ ਘੁਸਪੈਠ ਕਰਨ ਵਾਲੇ ਸ਼ੱਕੀਆਂ ਨੂੰ ਤੁਰੰਤ ਗੋਲ਼ੀ ਮਾਰਨ ਦਾ ਵੀ ਹੁਕਮ ਦਿੱਤਾ ਹੈ।

ਭਾਰਤੀ ਜਲ ਸੈਨਾ ਦੇ ਸੂਤਰਾਂ ਮੁਤਾਬਕ ਕਿਸੇ ਵੀ ਸ਼ੱਕੀ ਕਿਸ਼ਤੀ ਹਾਰਬਰ ਵਿੱਚ ਜਾਂ ਸਮੁੰਦਰ ਦੇ ਕਿਸੇ ਵੀ ਜੰਗੀ ਬੇੜੇ ਦੇ ਕੋਈ 100 ਮੀਟਰ ਦ ਦਾਇਰੇ ਵੱਚ ਨਹੀਂ ਆ ਸਕਦੀ, ਉਦੋਂ ਹੀ ਆ ਸਕਦੀ ਹੈ ਜਦੋਂ ਉਸ ਬਾਰੇ ਜੰਗੀ ਬੇੜੇ ਨੂੰ ਪੂਰੀ ਜਾਣਕਾਰੀ ਪ੍ਰਾਪਤ ਹੋਏ। ਜੇ ਕੋਈ ਕਿਸ਼ਤੀ ਇਸ ਹੁਕਮ ਦੀ ਉਲੰਘਣਾ ਕਰਦਿਆਂ ਜੰਗੀ ਬੇੜੇ ਕੋਲ ਆਉਣ ਦੀ ਹੱਦ ਟੱਪਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਨੂੰ ਤੁਰੰਤ ਉਡਾਉਣ ਦੇ ਹੁਕਮ ਦਿੱਤੇ ਗਏ ਹਨ।