ਨਵੀਂ ਦਿੱਲੀ: ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ। ਪਾਕਿਸਤਾਨੀ ਖ਼ੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ ਤੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਤਿੰਨ ਖ਼ਤਰਨਾਕ ਅੱਤਵਾਦੀ ਤਬਾਹੀ ਦੀ ਵੱਡੀ ਯੋਜਨਾ ਨਾਲ ਭਾਰਤ 'ਚ ਘੁਸਪੈਠ ਕਰ ਚੁੱਕੇ ਹਨ। ਇਹ ਤਿੰਨੋਂ ਅੱਤਵਾਦੀ ਪਾਕਿਸਤਾਨ ਦੇ ਦੱਸੇ ਜਾ ਰਹੇ ਹਨ ਤੇ ਇਨ੍ਹਾਂ ਦੇ ਨਸ਼ਾਨੇ ਤੇ ਦਿੱਲੀ ਤੇ ਵੀਆਈਪੀਜ਼ ਹਨ।
ਭਾਰਤੀ ਖ਼ੁਫੀਆ ਏਜੰਸੀ ਮੁਤਾਬਿਕ ਅੱਤਵਾਦੀ ਸੰਗਠਨ ਨੇ ਵੱਡਾ ਤਬਾਹੀ ਪਲਾਨ ਰਚਿਆ ਹੈ। ਖੁਫੀਆ ਰਿਪੋਰਟ ਅਨੁਸਾਰ ਉਨ੍ਹਾਂ ਦੇ ਨਾਮ ਗੁਲ ਜਾਨ, ਨਿਵਾਸੀ ਪਖਤੂਨਖਵਾ ਪਾਕਿਸਤਾਨ, ਜੁਮਾ ਖਾਨ, ਵਸਨੀਕ ਉੱਤਰੀ ਵਜ਼ੀਰਿਸਤਾਨ, ਸ਼ਕੀਲ ਅਹਿਮਦ, ਨਿਵਾਸੀ ਬਹਾਵਲਪੁਰ ਪਾਕਿਸਤਾਨ ਦੱਸਿਆ ਜਾ ਰਿਹਾ ਹੈ। ਖੁਫੀਆ ਏਜੰਸੀ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕੇ ਇਹ ਤਿਨੋਂ ਜੈਸ਼-ਏ-ਮੁਹੰਮਦ ਦੇ ਮੁਖੀ ਅਬਦੁਲ ਰਊਫ ਅਸਗਰ ਦੇ ਬੇਹੱਦ ਕਰੀਬੀ ਹਨ। ਏਜੰਸੀ ਮੁਤਾਬਿਕ ਇਨ੍ਹਾਂ ਤਿਨਾਂ ਨੂੰ ਅਫਗਾਨਿਸਤਾਨ 'ਚ ਟ੍ਰੇਨਿੰਗ ਦਿੱਤੀ ਗਈ ਸੀ।
ਰਿਪੋਰਟਸ ਮੁਤਾਬਕ ਇਨ੍ਹਾਂ ਤਿਨਾਂ ਨੇ ਜੰਮੂ ਕਸ਼ਮੀਰ ਦੇ ਸਿਆਲਕੋਟ ਸੈਕਟਰ ਤੋਂ ਘੁਸਪੈਠ ਕੀਤੀ ਤੇ ਉਸ ਤੋਂ ਬਾਅਦ ਇਨ੍ਹਾਂ ਦੀ ਲੋਕੇਸ਼ਨ ਅਨੰਤਨਾਗ ਵੱਲ ਮਿਲੀ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਦੇ ਨਾਲ ਦੋ ਕਸ਼ਮੀਰੀ ਵੀ ਹਨ ਜੋ ਇਨ੍ਹਾਂ ਨੂੰ ਰਸਤਾ ਦੱਸ ਰਹੇ ਹਨ। ਫਿਲਹਾਲ ਸੁਰੱਖਿਆ ਤੇ ਖੁਫੀਆ ਏਜੰਸੀਆਂ ਇਨ੍ਹਾਂ ਦੀ ਤਲਾਸ਼ 'ਚ ਲੱਗ ਗਈਆਂ ਹਨ।