ਨਵੀਂ ਦਿੱਲੀ: 15 ਦਸੰਬਰ 2019 ਨੂੰ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਤੇ ਦਿੱਲੀ ਪੁਲਿਸ ਦੀ ਕਾਰਵਾਈ ਦਾ ਨਵਾਂ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਨਵੀਂ ਫੁਟੇਜ ਜਾਮੀਆ ਦੇ ਪੁਰਾਣੇ ਰੀਡਿੰਗ ਹਾਲ ਦੀ ਦੱਸੀ ਜਾ ਰਹੀ ਹੈ। ਵੀਡੀਓ ‘ਚ ਦਿੱਲੀ ਪੁਲਿਸ ਦੇ ਕਰਮਚਾਰੀ ਹਾਲ ‘ਚ ਦਾਖਲ ਹੋ ਪੜ੍ਹ ਰਹੇ ਵਿਦਿਆਰਥੀਆਂ ‘ਤੇ ਲਾਠੀਆਂ ਬਰਸਾਉਂਦੇ ਨਜ਼ਰ ਆ ਰਹੇ ਹਨ।



ਫੁਟੇਜ ‘ਚ ਦਿਖ ਰਿਹਾ ਹੈ ਕਿ ਵਿਦਿਆਰਥੀ ਰੀਡਿੰਗ ਹਾਲ ਵਿਚ ਪੜ੍ਹ ਰਹੇ ਹਨ। ਉਸੇ ਸਮੇਂ, ਦਿੱਲੀ ਪੁਲਿਸ ਦੇ ਕਰਮਚਾਰੀ ਅੰਦਰ ਦਾਖਲ ਹੋ ਉਨ੍ਹਾਂ ਨੂੰ ਡਾਂਗਾਂ ਨਾਲ ਕੁੱਟਣਾ ਸ਼ੁਰੂ ਕਰ ਦਿੰਦੇ ਹਨ। ਦਿੱਲੀ ਪੁਲਿਸ ਦੇ ਜਵਾਨਾਂ ਨੇ ਪ੍ਰੋਪਰਟੀ ਨੂੰ ਵੀ ਨੁਕਸਾਨ ਪਹੁੰਚਾਇਆ। ਵਿਦਿਆਰਥੀ ਭੱਜਣ ਦੀ ਕੋਸ਼ਿਸ਼ ਕਰਦੇ ਹਨ, ਫਿਰ ਵੀ ਪੁਲਿਸ ਉਨ੍ਹਾਂ ਨੂੰ ਕੁੱਟਦੀ ਰਹਿੰਦੀ ਹੈ। ਜਾਮੀਆ ਤਾਲਮੇਲ ਕਮੇਟੀ ਨੇ ਇਹ ਫੁਟੇਜ ਟਵਿੱਟਰ 'ਤੇ ਜਾਰੀ ਕੀਤੀ ਹੈ।

ਨਵੀਂ ਫੁਟੇਜ 'ਤੇ ਪ੍ਰਤੀਕਰਮ ਦਿੰਦਿਆਂ ਦਿੱਲੀ ਪੁਲਿਸ ਨੇ ਕਿਹਾ ਕਿ ਮਾਮਲਾ ਪਹਿਲਾਂ ਹੀ ਕ੍ਰਾਈਮ ਬ੍ਰਾਂਚ ਨੂੰ ਭੇਜਿਆ ਜਾ ਚੁੱਕਾ ਹੈ ਅਤੇ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ।

ਨਾਲ ਹੀ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਵੀ ਵੀਡਿਓ ‘ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।