ਨਵੀਂ ਦਿੱਲੀ: ਜੰਮੂ-ਕਸ਼ਮੀਰ ‘ਚ ਅੱਜ ਅੱਤਵਾਦ ਤੇ ਉਨ੍ਹਾਂ ਖਿਲਾਫ ਸੁਰੱਖਿਆ ਬਲਾਂ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ ਵਾਪਰੀਆਂ। ਗਾਂਦਰਬਲ ‘ਚ ਸੁਰੱਖਿਆ ਬਲਾਂ ਨੇ ਸਵੇਰ ਤੋਂ ਚੱਲ ਰਹੇ ਮੁਕਾਬਲੇ ‘ਚ ਛੇ ਅੱਤਵਾਦੀਆਂ ਦਾ ਖ਼ਾਤਮਾ ਕਰ ਦਿੱਤਾ। ਸੁਰੱਖਿਆ ਬਲਾਂ ਵੱਲੋਂ ਇਲਾਕੇ ਨੂੰ ਘੇਰ ਜਾਂਚ ਮੁਹਿੰਮ ਸ਼ੁਰੂ ਕੀਤੀ ਗਈ ਹੈ। ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਇੱਕ ਭਾਰਤੀ ਸੈਨਾ ਦਾ ਜਵਾਨ ਵੀ ਸ਼ਹੀਦ ਹੋ ਗਿਆ।
ਗਾਂਦਰਬਲ ‘ਚ ਤਿੰਨ ਅੱਤਵਾਦੀ ਢੇਰ: ਜੰਮੂ ਕਸ਼ਮੀਰ ਦੇ ਗਾਂਦਰਬਲ ਦੇ ਨਾਰਾਨਾਦ ‘ਚ ਸੁਰੱਖਿਆਬਲਾਂ ਦੇ ਨਾਲ ਹੋਏ ਮੁਕਾਬਲੇ ‘ਚ ਤਿੰਨ ਅੱਤਵਾਦੀ ਮਾਰੇ ਗਏ ਹਨ। ਤਿੰਨਾਂ ਦੇ ਵਿਦੇਸ਼ੀ ਹੋਣ ਦਾ ਖਦਸ਼ਾ ਹੈ। ਸੁਰੱਖਿਆ ਬਲਾਂ ਨੇ ਖੂਫੀਆ ਸੂਚਨਾ ਮਿਲਣ ਤੋਂ ਬਾਅਦ ਅੱਜ ਤੜਕੇ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਸੀ।
ਰਾਮਬਨ: ਜੰਮੂ-ਕਸ਼ਮੀਰ ਦੇ ਰਾਮਬਨ ਦੇ ਬਟੋਟ ‘ਚ ਅੱਤਵਾਦੀਆਂ ਤੇ ਸੁਰੱਖਿਆਬਲਾਂ ‘ਚ ਮੁਕਾਬਲਾ ਹੋਇਆ। ਰੱਖਿਆ ਮੰਤਰਾਲਾ ਦੇ ਪੀਆਰਓ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7:30 ਵਜੇ ਸ਼ੱਕੀ ਵਿਅਕਤੀ ਨੇ ਐਨਐਚ 244 ‘ਤੇ ਇੱਕ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਡ੍ਰਾਈਵਰ ਬੱਸ ਨੂੰ ਨੇੜਲੀ ਸੈਨਾ ਚੌਕੀ ਲੈ ਗਿਆ ਤੇ ਇਸ ਤੋਂ ਬਾਅਦ ਕੁਇੱਕ ਰਿਸਪਾਂਸ ਟੀਮ ਜਾਂਚ ‘ਚ ਲੱਗ ਗਈ। ਇਸ ਦੌਰਾਨ ਸੈਨਾ ਨੇ ਇਲਾਕੇ ਨੂੰ ਘੇਰ ਲਿਆ। ਸਰਚ ਮੁਹਿੰਮ ਅਜੇ ਵੀ ਚੱਲ ਰਹੀ ਹੈ।
ਸ਼੍ਰੀਨਗਰ: ਇੱਥੇ ਦੇ ਨਵਾਕਦਲ ‘ਚ ਸੀਆਰਪੀਐਫ ‘ਤੇ ਗ੍ਰੇਨੇਡ ਹਮਲਾ ਕੀਤਾ ਗਿਆ। ਜਿਸ ‘ਚ ਕਿਸੇ ਨੂੰ ਕੋਈ ਨੁਕਸਾਨ ਨਹੀ ਹੋਇਆ। ਸਰੁੱਖਿਆਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।