ਕਸ਼ਮੀਰ ਦੇ ਬੜਗਾਮ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜ਼ਿਲ੍ਹੇ ਦੇ ਵਾਟਰਹਾਲ ਪਿੰਡ ਵਿੱਚ ਇੱਕ ਹਾਦਸੇ ਵਿੱਚ 27 ਤੋਂ ਵੱਧ ਜਵਾਨ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਬੀਐੱਸਐੱਫ ਦੇ 36 ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਇੱਕ ਚੱਟਾਨ ਤੋਂ ਤਿਲਕ ਗਈ ਤੇ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਇਸ ਹਾਦਸੇ ਵਿੱਚ ਬੀਐਸਐਫ ਦੇ 3 ਜਵਾਨਾਂ ਦੇ ਸ਼ਹੀਦ ਹੋਣ ਦਾ ਖਦਸ਼ਾ ਹੈ। ਹਾਦਸੇ ਵਾਲੀ ਥਾਂ 'ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਖਮੀਆਂ ਨੂੰ ਖਾਨਸਾਹਿਬ ਅਤੇ ਬੜਗਾਮ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਬੱਸ ਦੂਜੇ ਪੜਾਅ ਦੀਆਂ ਚੋਣਾਂ ਲਈ ਦੱਖਣੀ ਕਸ਼ਮੀਰ ਦੇ ਪੁਲਵਾਮਾ ਤੋਂ ਬੜਗਾਮ ਆ ਰਹੀ ਸੀ, ਜਦੋਂ ਇਹ ਹਾਦਸਾ ਵਾਪਰ ਗਿਆ। ਦੂਜੇ ਪੜਾਅ ਤਹਿਤ ਜੰਮੂ-ਕਸ਼ਮੀਰ ਦੀਆਂ 26 ਵਿਧਾਨ ਸਭਾ ਸੀਟਾਂ 'ਤੇ 25 ਸਤੰਬਰ ਨੂੰ ਵੋਟਿੰਗ ਹੋਣ ਜਾ ਰਹੀ ਹੈ।