Jammu Tunnel Collapse: ਰਾਮਬਨ ਜ਼ਿਲ੍ਹੇ 'ਚ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਇੱਕ ਨਿਰਮਾਣ ਅਧੀਨ ਚਾਰ ਲੇਨ ਸੁਰੰਗ ਦਾ ਇੱਕ ਹਿੱਸਾ ਵੀਰਵਾਰ ਰਾਤ ਡਿੱਗਣ ਕਾਰਨ ਕਈ ਲੋਕ ਫਸ ਗਏ, ਜਿਨ੍ਹਾਂ 'ਚੋਂ ਚਾਰ ਨੂੰ ਬਚਾ ਲਿਆ ਗਿਆ। ਜੰਮੂ-ਕਸ਼ਮੀਰ ਆਫਤ ਪ੍ਰਬੰਧਨ ਅਥਾਰਟੀ ਦਾ ਕਹਿਣਾ ਹੈ ਕਿ 10 ਮਜ਼ਦੂਰ ਅਜੇ ਵੀ ਮਲਬੇ 'ਚ ਫਸੇ ਹੋਏ ਹਨ ਜਿਨ੍ਹਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਖੂਨੀ ਨਾਲੇ 'ਚ ਸੁਰੰਗ ਦੇ ਸਾਹਮਣੇ ਦਾ ਇਕ ਛੋਟਾ ਜਿਹਾ ਹਿੱਸਾ ਡਿੱਗ ਗਿਆ। ਉਨ੍ਹਾਂ ਕਿਹਾ ਕਿ ਪੁਲਸ ਅਤੇ ਫੌਜ ਨੇ ਤੁਰੰਤ ਸੰਯੁਕਤ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਚਾਰ ਲੋਕਾਂ ਨੂੰ ਬਚਾ ਲਿਆ ਗਿਆ ਹੈ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੁਰੰਗ ਦੇ ਅਗਲੇ ਪਾਸੇ ਖੜ੍ਹੇ ਬੁਲਡੋਜ਼ਰਾਂ ਅਤੇ ਟਰੱਕਾਂ ਸਮੇਤ ਕਈ ਵਾਹਨ ਤੇ ਮਸ਼ੀਨਾਂ ਨੁਕਸਾਨੀਆਂ ਗਈਆਂ।
ਇਸ ਮੌਕੇ ਰਾਮਬਨ ਦੇ ਡਿਪਟੀ ਕਮਿਸ਼ਨਰ, ਪ੍ਰੋਜੈਕਟ ਡਾਇਰੈਕਟਰ, ਡੀਆਈਜੀ ਤੇ ਐਸਐਸਪੀ ਮੌਜੂਦ ਹਨ। ਹਾਦਸੇ ਬਾਰੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਰਾਮਬਨ ਅਤੇ ਰਾਮਸੂ ਵਿਚਕਾਰ ਰਾਸ਼ਟਰੀ ਰਾਜਮਾਰਗ 'ਤੇ ਇੱਕ ਨਿਰਮਾਣ ਅਧੀਨ ਸੁਰੰਗ ਦੇ ਡਿੱਗਣ ਦੀ ਮੰਦਭਾਗੀ ਘਟਨਾ ਵਾਪਰੀ ਹੈ। ਮੈਂ ਡੀਸੀ ਮੁਸਰਤ ਇਸਲਾਮ ਨਾਲ ਲਗਾਤਾਰ ਸੰਪਰਕ ਵਿੱਚ ਹਾਂ। 10 ਦੇ ਕਰੀਬ ਮਜ਼ਦੂਰ ਮਲਬੇ ਹੇਠ ਦੱਬੇ ਹੋਏ ਹਨ। ਬਚਾਅ ਕਾਰਜ ਜ਼ੋਰਾਂ 'ਤੇ ਚੱਲ ਰਿਹਾ ਹੈ।