ਬਿਹਾਰ ਵਿਧਾਨ ਸਭਾ ਚੋਣਾਂ ਦੇ ਦਰਮਿਆਨ ਪਟਨਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮੋਕਾਮਾ ਦੇ ਦੁਲਾਰਚੰਦ ਯਾਦਵ ਕਤਲ ਮਾਮਲੇ ‘ਚ ਸਾਬਕਾ ਵਿਧਾਇਕ ਤੇ ਐਨਡੀਏ ਉਮੀਦਵਾਰ ਅਨੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਟਨਾ ਐਸ.ਐੱਸ.ਪੀ. ਦੀ ਅਗਵਾਈ ਹੇਠ ਬਣੀ ਖ਼ਾਸ ਟੀਮ ਨੇ ਸ਼ਨੀਵਾਰ ਯਾਨੀਕਿ 1 ਨਵੰਬਰ ਦੀ ਦੇਰ ਰਾਤ ਬਾੜ ਸਥਿਤ ਕਾਰਗਿਲ ਮਾਰਕੀਟ ‘ਚ ਛਾਪਾ ਮਾਰ ਕੇ ਅਨੰਤ ਸਿੰਘ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਟੀਮ ਉਹਨਾਂ ਨੂੰ ਬਾੜ ਤੋਂ ਪਟਨਾ ਲੈ ਕੇ ਆ ਰਹੀ ਹੈ।

Continues below advertisement

ਇੰਝ ਕੀਤਾ ਗਿਆ ਗ੍ਰਿਫਤਾਰ

ਇਹ ਕਾਰਵਾਈ ਉਸ ਜਾਣਕਾਰੀ ਤੋਂ ਬਾਅਦ ਕੀਤੀ ਗਈ, ਜਿਸ ‘ਚ ਕਿਹਾ ਜਾ ਰਿਹਾ ਸੀ ਕਿ ਕਤਲ ਮਾਮਲੇ ਵਿੱਚ ਦੋਸ਼ੀ ਬਣਾਏ ਜਾਣ ਤੋਂ ਬਾਅਦ ਅਨੰਤ ਸਿੰਘ ਜਲਦੀ ਹੀ ਪੁਲਿਸ ਅੱਗੇ ਸਰੈਂਡਰ ਕਰ ਸਕਦੇ ਹਨ। ਇਸੀ ਸੂਚਨਾ ਦੇ ਆਧਾਰ ‘ਤੇ ਪਟਨਾ ਐਸ.ਐੱਸ.ਪੀ. ਦੀ ਟੀਮ ਨੇ ਉਨ੍ਹਾਂ ਦੇ ਘਰ ‘ਤੇ ਛਾਪਾ ਮਾਰਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਕਾਰਗਿਲ ਮਾਰਕੀਟ ਤੋਂ ਗ੍ਰਿਫ਼ਤਾਰ ਕਰ ਲਿਆ।

Continues below advertisement

ਪਟਨਾ ਦੇ ਐਸ.ਐੱਸ.ਪੀ. ਕਾਰਤਿਕੇ ਕੇ. ਸ਼ਰਮਾ ਨੇ ਦੱਸਿਆ ਕਿ ਅਨੰਤ ਸਿੰਘ ਦੇ ਨਾਲ ਉਨ੍ਹਾਂ ਦੇ ਦੋ ਸਮਰਥਕ - ਰੰਜੀਤ ਅਤੇ ਮਣਿਕਾਂਤ ਠਾਕੁਰ — ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਨੇ ਸਰੈਂਡਰ ਨਹੀਂ ਕੀਤਾ, ਸਿੱਧੀ ਗ੍ਰਿਫ਼ਤਾਰੀ ਹੋਈ ਹੈ। ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਫਿਰ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਐੱਸ.ਐੱਸ.ਪੀ. ਨੇ ਕਿਹਾ ਕਿ ਇਸ ਘਟਨਾ 'ਚ ਹੋਰ ਲੋਕ ਵੀ ਸ਼ਾਮਲ ਹਨ। ਉਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦੀ ਹੀ ਗ੍ਰਿਫ਼ਤਾਰੀਆਂ ਹੋਣਗੀਆਂ।

ਕੀ ਹੈ ਸਾਰਾ ਮਾਮਲਾ?ਇਹ ਸਾਰਾ ਮਾਮਲਾ ਵੀਰਵਾਰ ਨੂੰ ਮੋਕਾਮਾ 'ਚ ਐਨ.ਡੀ.ਏ. ਉਮੀਦਵਾਰ ਅਨੰਤ ਸਿੰਘ ਅਤੇ ਜਨਸੁਰਾਜ ਦੇ ਉਮੀਦਵਾਰ ਦੇ ਸਮਰਥਕਾਂ ਵਿਚਕਾਰ ਹੋਈ ਹਿੰਸਕ ਝੜਪ ਤੋਂ ਬਾਅਦ ਸ਼ੁਰੂ ਹੋਇਆ ਸੀ। ਇਸ ਝੜਪ ਦੌਰਾਨ ਜਨਸੁਰਾਜ ਸਮਰਥਕ ਦੁਲਾਰਚੰਦ ਯਾਦਵ ਦੀ ਮੌਤ ਹੋ ਗਈ ਸੀ।

ਇਸ ਕਤਲ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਦੁਲਾਰਚੰਦ ਯਾਦਵ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ। ਸ਼ੁਰੂਆਤੀ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਯਾਦਵ ਦੀ ਮੌਤ ਗੋਲੀ ਲੱਗਣ ਨਾਲ ਹੋਈ, ਪਰ ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਹੋਇਆ ਕਿ ਮੌਤ ਦਾ ਕਾਰਣ ਕਿਸੇ ਵਾਹਨ ਨਾਲ ਕੁਚਲੇ ਜਾਣ ਕਰਕੇ ਸੀ।

ਚੋਣਾਂ ਦਰਮਿਆਨ ਸਿਆਸਤ ਹੋਈ ਤਿੱਖੀ, CID ਕਰ ਰਹੀ ਜਾਂਚ

ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਦੀ ਗਹਿਮਾਗਹਿਮੀ ਦੇ ਵਿਚਕਾਰ ਹੋਏ ਇਸ ਕਤਲ ਨੇ ਰਾਜ ਦੀ ਸੁਰੱਖਿਆ ਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਿਹਾਰ ਪੁਲਿਸ ਦੀ CID ਟੀਮ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਚੋਣ ਆਯੋਗ ਨੇ ਵੀ ਇਸ ਹੱਤਿਆ ਮਾਮਲੇ 'ਤੇ ਸੰਜੋ ਗਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਯਾਦ ਰਹੇ ਕਿ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਦੋ ਪੜਾਅ ਵਿੱਚ ਹੋ ਰਹੀਆਂ ਹਨ। ਪਹਿਲੇ ਪੜਾਅ ਦਾ ਵੋਟਿੰਗ 6 ਨਵੰਬਰ ਨੂੰ ਹੋਵੇਗੀ, ਜਦਕਿ ਦੂਜੇ ਪੜਾਅ ਦੀ ਵੋਟਿੰਗ 11 ਨਵੰਬਰ ਨੂੰ ਹੋਵੇਗੀ। ਚੋਣਾਂ ਤੋਂ ਠੀਕ ਪਹਿਲਾਂ ਹੋਈ ਇਸ ਹਾਈ-ਪ੍ਰੋਫ਼ਾਈਲ ਗ੍ਰਿਫ਼ਤਾਰੀ ਨੇ ਮੋਕਾਮਾ ਸਮੇਤ ਸਾਰੇ ਬਿਹਾਰ ਦਾ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ।