ਨਵੀਂ ਦਿੱਲੀ: ਰਿਲਾਇੰਸ ਜੀਓ ਦੀ ਬ੍ਰਾਡਬੈਂਡ ਸੇਵਾ ‘ਜੀਓ ਗੀਗਾ ਫਾਈਬਰ’ ਅੱਜ ਤੋਂ ਪੂਰੇ ਦੇਸ਼ ‘ਚ ਸ਼ੁਰੂ ਹੋ ਰਹੀ ਹੈ। ਇਸ ਦੇ ਨਾਲ ਕੰਪਨੀ ਘੱਟੋ-ਘੱਟ 100 ਐਮਬੀਪੀਐਸ ਦੀ ਇੰਟਰਨੈਟ ਸਪੀਡ, ਲਾਈਫਟਾਈਮ ਫਰੀ ਕਾਲ, ਫਰੀ ਡੀਟੀਐਚ ਟੀਵੀ ਤੇ ਡਿਸ਼ ਉਪਲੱਬਧ ਕਰਾਵੇਗੀ। ਇਸ ਦੇ ਲਈ ਘੱਟੋ-ਘੱਟ 700 ਰੁਪਏ ਮਹੀਨੇ ਦਾ ਭੁਗਤਾਨ ਕਰਨਾ ਪਵੇਗਾ।

ਜੀਓ ਲੈਂਡ ਲਾਈਨ ਤੋਂ 500 ਰੁਪਏ ਮਹੀਨਾ ਕਿਰਾਏ ‘ਤੇ ਅਮਰੀਕਾ ਅਤੇ ਕੈਨੇਡਾ ‘ਚ ਅਨਲਿਮਟਿਡ ਇੰਟਰਨੈਸ਼ਨਲ ਕਾਲ ਵੀ ਕੀਤੀ ਜਾ ਸਕੇਗੀ। ਭਾਰਤ ‘ਚ ਜੀਓ ਗੀਗਾ ਫਾਈਬਰ ਦੀ ਸਭ ਤੋਂ ਘੱਟ ਸਪੀਡ 100 ਐਮਬੀਪੀਐਸ ਹੋਵੇਗੀ। ਕੰਪਨੀ ਦਾ ਇੱਕ ਜੀਬੀਪੀਐਸ ਤਕ ਦੀ ਸਪੀਡ ਪੇਸ਼ ਕਰਨ ਦਾ ਪਲਾਨ ਹੈ।

ਜੀਓ ਗੀਗਾ ਫਾਈਬਰ ਦੇ ਪਲਾਨ 700 ਰੁਪਏ ਮਹੀਨਾ ਤੋਂ ਸ਼ੁਰੂ ਹੋ ਕੇ 10,000 ਰੁਪਏ ਮਹੀਨਾ ਤਕ ਹੋਣਗੇ। ਇਸ ਤੋਂ ਇਲਾਵਾ 2020 ਦੇ ਮੱਧ ਤਕ ਜੀਓ ਗੀਗਾ ਫਾਈਬਰ ਦੇ ਪ੍ਰੀਮੀਅਮ ਗਾਹਕ ਘਰ ਬੈਠੇ ਫ਼ਿਲਮ ਦੇ ਰਿਲੀਜ਼ ਦਿਨ ਹੀ ਉਸ ਨੂੰ ਵੇਖ ਸਕਣਗੇ। ਇਸ ਨੂੰ ਜੀਓ ਨੇ ‘ਫਸਟ ਡੇ ਫਸਟ ਸ਼ੋਅ’ ਦਾ ਨਾਂ ਦਿੱਤਾ ਹੈ।

ਇੱਕ ਰਿਪੋਰਟ ਮੁਤਾਬਕ ਸ਼ੁਰੂਆਤ ਦੇ ਦੋ ਮਹੀਨੇ ‘ਚ ਜੀਓ ਫਾਈਬਰ ਕੁਨੈਕਸ਼ਨ ਯੂਜ਼ਰਸ ਨੂੰ ਬਿਲਕੁਲ ਫਰੀ ਮਿਲ ਸਕਦਾ ਹੈ। ਜੀਓ ਫਾਈਬਰ ਸੇਵਾ ਲਈ 1.5 ਕਰੋੜ ਰਜਿਸਟ੍ਰੇਸ਼ਨ ਮਿਲਣ ਦਾ ਦਾਅਵਾ ਕੀਤਾ ਹੈ। ਟ੍ਰਾਇਲ ਫੇਜ਼ ‘ਚ ਜੀਓ ਨੇ ਪਹਿਲਾਂ ਹੀ ਕੁਝ ਥਾਂਵਾਂ ‘ਤੇ ਫਾਈਬਰ ਸਰਵਿਸ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਜੀਓ ਨੇ ਅਜੇ ਤਕ ਫਾਈਬਰ ਸਰਵਿਸ ਦੇ ਪਲਾਨ ਦੀ ਕੋਈ ਲਿਸਟ ਜਾਰੀ ਨਹੀਂ ਕੀਤੀ।

ਜੋ ਐਲਾਨ ਹੋਇਆ ਸੀ ਉਸ ਮੁਤਾਬਕ ਜੀਓ ਦੇ ਵੈਲਕਮ ਆਫਰ ‘ਚ ਯੂਜ਼ਰਸ ਨੂੰ ਐਚਡੀ ਐਲਈਡੀ ਟੀਵੀ ਤੇ ਫਰੀ ਸੈਟਅੱਪ ਬਾਕਸ ਮਿਲ ਸਕਦਾ ਹੈ। ਵੈਲਕਮ ਆਫਰ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਮਿਲੇਗਾ ਜਿਨ੍ਹਾਂ ਨੇ ਸਲਾਨਾ ਪਲਾਨ ਦਾ ਸਬਸਕ੍ਰਿਪਸ਼ਨ ਲੈਣਾ ਹੈ।