ਚੰਡੀਗੜ੍ਹ: ਸਾਲ 2007 ਵਿੱਚ ਹੋਏ ਸਮਝੌਤਾ ਐਕਸਪ੍ਰੈੱਸ ਬੰਬ ਧਮਾਕਾ ਮਾਮਲੇ ਵਿੱਚ ਪੰਚਕੂਲਾ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ਹਾਲਾਂਕਿ ਅਸੀਮਾਨੰਦ ਸਮੇਤ ਚਾਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ, ਪਰ ਆਪਣੇ ਫੈਸਲੇ ਵਿੱਚ ਜੱਜ ਨੇ ਲਿਖਿਆ ਕਿ ਇਹ ਹਿੰਸਾ ਨਾਲ ਭਰਿਆ ਹਾਦਸਾ ਸੀ, ਜਿਸ ਦਾ ਫੈਸਲਾ ਬਿਨਾਂ ਕਿਸੇ ਸਜ਼ਾ ਤੋਂ ਤੈਅ ਹੋ ਗਿਆ। ਜੱਜ ਜਗਦੀਪ ਸਿੰਘ ਲੋਹਾਨ ਨੇ ਮੁਲਜ਼ਮਾਂ ਨੂੰ ਬਰੀ ਕਰਦਿਆਂ ਅਫਸੋਸ ਵੀ ਜਤਾਇਆ। ਜਗਦੀਪ ਸਿੰਘ ਉਹੀ ਵਿਸ਼ੇਸ਼ ਜੱਜ ਹਨ, ਜਿਨ੍ਹਾਂ ਨੇ ਬਲਾਤਕਾਰ ਤੇ ਕਤਲ ਦੇ ਦੋਸ਼ ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕ੍ਰਮਵਾਰ 20-20 ਸਾਲ ਅਤੇ ਤਾ-ਉਮਰ ਕੈਦ ਤਕ ਦੀ ਸਖ਼ਤ ਸਜ਼ਾ ਸੁਣਾਈ ਸੀ। ਉਦੋਂ ਉਹ ਸੀਬੀਆਈ ਦੇ ਕੇਸ ਦੀ ਸੁਣਵਾਈ ਕਰ ਰਹੇ ਸਨ, ਇਸ ਵਾਰ ਐਨਆਈਏ ਦੇ ਕੇਸ ਨੂੰ ਉਨ੍ਹਾਂ ਸੁਣਿਆ।
ਆਪਣੀ ਜੱਜਮੈਂਟ ਵਿੱਚ ਜੱਜ ਇਹ ਵੀ ਲਿਖਿਆ ਕਿ ਐਨਆਈਏ ਵੱਲੋਂ ਪੁਖ਼ਤਾ ਸਬੂਤ ਨਾ ਪੇਸ਼ ਕਰਨ 'ਤੇ ਮੁਲਜ਼ਮਾਂ ਨੂੰ ਬਰੀ ਕਰਨ ਦਾ ਫੈਸਲਾ ਕੀਤਾ ਗਿਆ ਸੀ। ਅਦਾਲਤ ਨੇ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਤੇ ਕੋਈ ਵੀ ਧਰਮ ਹਿੰਸਾ ਫੈਲਾਉਣੀ ਨਹੀਂ ਸਿਖਾਉਂਦਾ ਪਰ ਅਦਾਲਤ ਸਬੂਤਾਂ ਦੇ ਆਧਾਰ 'ਤੇ ਚੱਲਦੀ ਹੈ ਤੇ ਸਮਝੌਤਾ ਬਲਾਸਟ ਮਾਮਲੇ ਵਿੱਚ ਸਬੂਤਾਂ ਦੀ ਘਾਟ ਰਹਿ ਗਈ ਸੀ।
ਜ਼ਰੂਰ ਪੜ੍ਹੋ- ਸਮਝੌਤਾ ਧਮਾਕਾ ਕੇਸ: ਅਸੀਮਾਨੰਦ ਸਮੇਤ 4 ਮੁੱਖ ਮੁਲਜ਼ਮ ਬਰੀ
ਹਾਲਾਂਕਿ, ਫੈਸਲੇ ਵਿੱਚ ਇਹ ਸਪੱਸ਼ਟ ਤੌਰ 'ਤੇ ਲਿਖਿਆ ਗਿਆ ਕਿ ਅਸੀਮਾਨੰਦ, ਲੋਕੇਸ਼ ਸ਼ਰਮਾ, ਕਮਲ ਚੌਹਾਨ ਤੇ ਰਜਿੰਦਰ ਚੌਧਰੀ ਨੂੰ ਐਨਆਈਏ ਵੱਲੋਂ ਸਾਜ਼ਿਸ਼ ਰਚਣ ਦੇ ਇਲਜ਼ਾਮ ਹੇਠ ਮੁਲਜ਼ਮ ਬਣਾਇਆ ਗਿਆ ਸੀ ਪਰ ਉਨ੍ਹਾਂ ਵੱਲੋਂ ਸਾਜ਼ਿਸ਼ ਰਚਣ ਦੇ ਪੁਖ਼ਤਾ ਸਬੂਤ ਦੇਣ ਵਿੱਚ ਐਨਆਈਏ ਅਸਮਰੱਥ ਰਹੀ। ਕਮਲ ਚੌਹਾਨ ਵੱਲੋਂ ਪੇਸ਼ੀਆਂ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਵੀ ਇੱਕ ਇਕਬਾਲੀਆ ਬਿਆਨ ਦਿੱਤਾ ਗਿਆ ਸੀ, ਜਿਸ ਦੀ ਅਦਾਲਤ ਨੇ ਪੁਸ਼ਟੀ ਕੀਤੀ ਸੀ। ਪਰ ਫੈਸਲਾ ਸੁਣਾਉਂਦੇ ਸਮੇਂ ਜੱਜ ਨੇ ਕਿਹਾ ਕਿ ਕਨਫੈਸ਼ਨ ਬਿਆਨ ਸਬੂਤਾਂ ਨਾਲ ਜੁੜਦਾ ਹੈ ਜੇਕਰ ਤਫ਼ਤੀਸ਼ੀ ਏਜੰਸੀ ਸਬੂਤ ਨਹੀਂ ਪੇਸ਼ ਕਰ ਸਕੀ ਤਾਂ ਬਿਆਨ ਦਾ ਕੋਈ ਮੁੱਲ ਨਹੀਂ।
ਐਨਆਈਏ ਨੇ ਆਪਣੀ ਤਫ਼ਤੀਸ਼ ਵਿੱਚ ਸਪੱਸ਼ਟ ਕੀਤਾ ਸੀ ਕਿ ਅਸੀਮਾਨੰਦ ਵੱਲੋਂ ਦਿੱਤੇ ਹੋਏ ਭੜਕਾਊ ਬਿਆਨਾਂ ਤੋਂ ਬਾਅਦ ਤਫਤੀਸ਼ ਅੱਤਵਾਦੀ ਹਮਲੇ ਵੱਲ ਚੱਲੀ ਸੀ। ਇਸ ਮਗਰੋਂ ਕਮਲ ਚੌਹਾਨ ਰਜਿੰਦਰ ਚੌਧਰੀ ਅਸੀਮਾਨੰਦ ਦੇ ਬਿਆਨ ਦਰਜ ਕੀਤੇ ਗਏ ਸੀ।
ਜੱਜ ਜਗਦੀਪ ਸਿੰਘ ਲੋਹਾਨ ਨੇ ਸਮਝੌਤਾ ਧਮਾਕੇ ਵਿੱਚ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਵਾਲੇ ਏਐਸਆਈ ਕਸ਼ਮੀਰ ਸਿੰਘ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਲਿਖਿਆ ਕਿ ਸਮਝੌਤਾ ਐਕਸਪ੍ਰੈਸ ਦੀਆਂ ਬਲ਼ਦੀਆਂ ਬੋਗ਼ੀਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਵਾਲੇ ਕਸ਼ਮੀਰ ਸਿੰਘ ਨੂੰ ਸੂਰਬੀਰਤਾ ਲਈ ਸਰਵੋਤਮ ਬਹਾਦਰੀ ਪੁਰਸਕਾਰ ਮਿਲਣਾ ਚਾਹੀਦਾ ਹੈ। ਜੱਜ ਨੇ ਹੋਰਨਾਂ ਸੁਰੱਖਿਆ ਜਵਾਨਾਂ ਨੂੰ ਲੋਕਾਂ ਦੀ ਰਾਖੀ ਲਈ ਸਰਬੋਤਮ ਕੁਰਬਾਨੀ ਦੇਣ ਤੋਂ ਨਾ ਹਿਚਕਿਚਾਉਣ ਦੀ ਸਲਾਹ ਵੀ ਦਿੱਤੀ।
ਜ਼ਿਕਰਯੋਗ ਹੈ ਕਿ ਬੀਤੀ 20 ਮਾਰਚ ਨੂੰ ਸਮਝੌਤਾ ਐਸਕਪ੍ਰੈੱਸ ਧਮਾਕਾ ਕਾਂਡ ਦੇ ਚਾਰ ਮੁੱਖ ਮੁਲਜ਼ਮਾਂ ਨੂੰ ਪੰਚਕੂਲਾ ਸਥਿਤ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਅਦਾਲਤ ਨੇ ਬਰੀ ਕਰ ਦਿੱਤਾ ਸੀ। ਮੁੱਖ ਮੁਲਜ਼ਮ ਅਸੀਮਾਨੰਦ, ਲੋਕੇਸ਼ ਸ਼ਰਮਾ, ਕਮਲ ਚੌਹਾਨ ਤੇ ਰਜਿੰਦਰ ਚੌਧਰੀ ਬਰੀ ਕਰ ਦਿੱਤੇ ਗਏ ਸਨ। ਮਾਮਲੇ ਦੇ ਸੱਤ ਮੁਲਜ਼ਮਾਂ ਵਿੱਚੋਂ ਦੋ ਰਾਮਚੰਦਰਾ ਸੰਦੀਪ ਡਾਂਗੇ ਤੇ ਅਮਿਤ ਫਰਾਰ ਹਨ ਤੇ ਸੁਨੀਲ ਜੋਸ਼ੀ ਦੀ ਮੌਤ ਹੋ ਚੁੱਕੀ ਹੈ।