ਚੰਡੀਗੜ੍ਹ: ਚੋਣ ਕਮਿਸ਼ਨ ਦੇ ਅੰਕੜਿਆਂ ਨੇ ਨਸ਼ਿਆਂ ਦੇ ਕਾਰੋਬਾਰ 'ਤੇ ਲਗਾਮ ਕੱਸਣ ਲਈ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਚੋਣ ਜ਼ਾਬਤਾ ਲੱਗਣ ਬਾਅਦ ਦੇਸ਼ ਭਰ ਵਿੱਚੋਂ ਪੰਜਾਬ ਵਿੱਚ ਸਭ ਤੋਂ ਵੱਧ ਨਸ਼ਾ ਫੜਿਆ ਗਿਆ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਹੁਣ ਤਕ ਦੇਸ਼ ਵਿੱਚ 133.862 ਕਰੋੜ ਦਾ ਨਸ਼ਾ ਫੜਿਆ ਗਿਆ ਹੈ। ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੋਂ 85 ਕਰੋੜ 56 ਲੱਖ ਦਾ ਨਸ਼ਾ ਜ਼ਬਤ ਕੀਤਾ ਗਿਆ ਹੈ।


ਪੰਜਾਬ ਤੋਂ ਬਾਅਦ ਦੂਜੇ ਨੰਬਰ 'ਤੇ ਮਣੀਪੁਰ ਦਾ ਨੰਬਰ ਆਉਂਦਾ ਹੈ। ਹਾਲਾਂਕਿ ਇਸ ਮਾਮਲੇ ਵਿੱਚ ਉਹ ਪੰਜਾਬ ਦਾ ਇੱਕ ਤਿਹਾਈ ਵੀ ਨਹੀਂ। ਮਣੀਪੁਰ ਵਿੱਚ ਚੋਣ ਜ਼ਾਬਤਾ ਲੱਗਣ ਮਗਰੋਂ ਹੁਣ ਤਕ 21 ਕਰੋੜ 18 ਲੱਖ ਦਾ ਨਸ਼ਾ ਫੜਿਆ ਗਿਆ ਹੈ। ਕੇਂਦਰ ਦੀ ਸਿਆਸਤ ਵਿੱਚ ਸਭ ਤੋਂ ਅਹਿਮ ਭੂਮਿਕਾ ਰੱਖਣ ਵਾਲਾ ਉੱਤਰ ਪ੍ਰਦੇਸ਼ ਇਸ ਮਾਮਲੇ ਵਿੱਚ ਤੀਜੇ ਨੰਬਰ 'ਤੇ ਆ ਰਿਹਾ ਹੈ। ਯੂਪੀ ਵਿੱਚ ਹੁਣ ਤਕ 15 ਕਰੋੜ 12 ਲੱਖ ਦਾ ਨਸ਼ਾ ਬਰਾਮਦ ਕੀਤਾ ਗਿਆ।

ਇਨ੍ਹਾਂ ਸੂਬਿਆਂ ਤੋਂ ਬਾਅਦ ਚੌਥੇ ਨੰਬਰ 'ਤੇ ਕਾਂਗਰਸ ਦੀ ਸੱਤਾ ਵਾਲਾ ਸੂਬਾ ਰਾਜਸਥਾਨ ਹੈ ਜਿੱਥੇ 3 ਕਰੋੜ 45 ਲੱਖ ਦਾ ਨਸ਼ਾ ਫੜਿਆ ਗਿਆ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਵਿੱਚ 3 ਕਰੋੜ 17 ਲੱਖ ਦਾ ਨਸ਼ਾ ਫੜਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਅੱਤਵਾਦ ਪ੍ਰਭਾਵਿਤ ਗੁਆਂਢੀ ਸੂਬੇ ਜੰਮੂ ਤੇ ਕਸ਼ਮੀਰ ਵਿੱਚ ਨਸ਼ੇ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਇਹੀ ਸਥਿਤੀ ਹਰਿਆਣਾ ਵਿੱਚ ਹੈ।