Justice Yashwant Varma: ਸੁਪਰੀਮ ਕੋਰਟ ਨੇ ਜਸਟਿਸ ਯਸ਼ਵੰਤ ਵਰਮਾ ਮਾਮਲੇ ਨਾਲ ਜੁੜੇ ਦਸਤਾਵੇਜ਼ ਅਪਲੋਡ ਕਰ ਦਿੱਤੇ ਹਨ। ਇਨ੍ਹਾਂ ਵਿੱਚ ਭਾਰਤ ਦੇ ਮੁੱਖ ਨਿਆਂਧੀਸ਼ ਅਤੇ ਦਿੱਲੀ ਹਾਈ ਕੋਰਟ ਦੇ ਮੁੱਖ ਨਿਆਂਧੀਸ਼ ਵਿਚਕਾਰ ਹੋਈ ਚਿੱਠੀਚਾਰ ਦੇ ਨਾਲ ਨਾਲ ਜਸਟਿਸ ਵਰਮਾ ਵੱਲੋਂ ਹਾਈ ਕੋਰਟ ਦੇ ਮੁੱਖ ਨਿਆਂਧੀਸ਼ ਨੂੰ ਭੇਜਿਆ ਗਿਆ ਜਵਾਬ ਵੀ ਸ਼ਾਮਿਲ ਹੈ।


ਦੱਸ ਦਈਏ ਕਿ ਜਸਟਿਸ ਵਰਮਾ ਦੇ ਸਰਕਾਰੀ ਬੰਗਲੇ ਵਿੱਚ ਅੱਗ ਲੱਗ ਗਈ ਸੀ। ਉਹ ਸ਼ਹਿਰ ਤੋਂ ਬਾਹਰ ਸਨ। ਜੱਜ ਦੇ PS ਨੇ PCR ਨੂੰ ਬੁਲਾਇਆ। ਅੱਗ 'ਤੇ ਕਾਬੂ ਤਾਂ ਪਾ ਲਿਆ ਗਿਆ ਪਰ ਇਸ ਦੌਰਾਨ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਬੰਗਲੇ ਦੇ ਅੰਦਰ ਨੋਟਾਂ ਦੇ ਵੱਡੇ ਢੇਰ ਨਜ਼ਰ ਆਏ। ਇਹ ਢੇਰ ਅੱਧਾ ਸੜ੍ਹ ਕੇ ਰਾਖ ਹੋ ਚੁੱਕਾ ਸੀ। ਇਹ ਗੱਲ ਉੱਚ ਅਧਿਕਾਰੀਆਂ ਤੱਕ ਪਹੁੰਚੀ ਅਤੇ ਫਿਰ ਮਾਮਲਾ ਸੁਪਰੀਮ ਕੋਰਟ ਤੱਕ ਚਲਾ ਗਿਆ।



ਭਾਰਤ ਦੇ ਮੁੱਖ ਨਿਆਂਧੀਸ਼ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਸੁਪਰੀਮ ਕੋਰਟ ਕਾਲੇਜੀਅਮ ਦੀ ਮੀਟਿੰਗ ਬੁਲਾਈ, ਜਿਸ ਵਿੱਚ ਜਸਟਿਸ ਵਰਮਾ ਦਾ ਤਬਾਦਲਾ ਇਲਾਹਾਬਾਦ ਹਾਈ ਕੋਰਟ ਕਰਨ ਦਾ ਫੈਸਲਾ ਲਿਆ ਗਿਆ। ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਆਪਣੇ ਪੱਧਰ 'ਤੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਹੁਣ ਤੱਕ ਜਾਂਚ ਵਿੱਚ ਜੋ ਕੁਝ ਵੀ ਸਾਹਮਣੇ ਆਇਆ ਹੈ, ਉਹ ਸਭ ਕੁਝ ਸੁਪਰੀਮ ਕੋਰਟ ਵੱਲੋਂ ਪਬਲਿਕ ਡੋਮੇਨ ਵਿੱਚ ਉਪਲਬਧ ਕਰਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਨੋਟਾਂ ਦੇ ਢੇਰ ਦੀ ਅੱਧੀ ਸੜੀ ਹੋਈ ਤਸਵੀਰ ਵੀ ਸ਼ਾਮਿਲ ਹੈ।


ਦਸਤਾਵੇਜ਼ਾਂ ਵਿੱਚ ਕੀ-ਕੀ ਹੈ?


– 14 ਮਾਰਚ ਦੀ ਰਾਤ ਜੱਜ ਦੇ PS ਨੇ PCR ਨੂੰ ਅੱਗ ਲੱਗਣ ਬਾਰੇ ਜਾਣਕਾਰੀ ਦਿੱਤੀ।
– ਫਾਇਰ ਬ੍ਰਿਗੇਡ ਨੂੰ ਵੱਖਰੀ ਕਾਲ ਨਹੀਂ ਕੀਤੀ ਗਈ।
– ਦਿੱਲੀ ਹਾਈ ਕੋਰਟ ਦੇ ਮੁੱਖ ਨਿਆਂਧੀਸ਼ ਨੂੰ ਦਿੱਲੀ ਪੁਲਿਸ ਕਮਿਸ਼ਨਰ ਨੇ 15 ਮਾਰਚ ਦੀ ਸਵੇਰੇ ਮਾਮਲੇ ਦੀ ਜਾਣਕਾਰੀ ਦਿੱਤੀ। ਉਸ ਵੇਲੇ ਹਾਈ ਕੋਰਟ ਦੇ ਮੁੱਖ ਨਿਆਂਧੀਸ਼ ਲਖਨਊ ਵਿੱਚ ਸਨ।
– ਪੁਲਿਸ ਕਮਿਸ਼ਨਰ ਨੇ ਅੱਧਸੜੇ ਨਕਦੀ ਪੈਸੇ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਹਾਈ ਕੋਰਟ ਦੇ ਮੁੱਖ ਨਿਆਂਧੀਸ਼ ਨੂੰ ਭੇਜੀਆਂ।
– ਕਮਿਸ਼ਨਰ ਨੇ ਬਾਅਦ ਵਿੱਚ ਹਾਈ ਕੋਰਟ ਦੇ ਮੁੱਖ ਨਿਆਂਧੀਸ਼ ਨੂੰ ਇਹ ਵੀ ਦੱਸਿਆ ਕਿ ਜੱਜ ਦੇ ਬੰਗਲੇ ਦੇ ਇੱਕ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਕਿਹਾ ਕਿ 15 ਮਾਰਚ ਨੂੰ ਕਮਰੇ ਤੋਂ ਮਲਬਾ ਸਾਫ ਕੀਤਾ ਗਿਆ ਹੈ।



– ਜਦੋਂ ਦਿੱਲੀ ਹਾਈ ਕੋਰਟ ਦੇ ਮੁੱਖ ਨਿਆਂਧੀਸ਼ ਨੇ ਜਸਟਿਸ ਵਰਮਾ ਨਾਲ ਮੁਲਾਕਾਤ ਕੀਤੀ ਤਾਂ ਜਸਟਿਸ ਵਰਮਾ ਨੇ ਕਿਸੇ ਵੀ ਨਕਦੀ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਮਰਾ ਸਾਰੇ ਹੀ ਵਰਤਦੇ ਹਨ।
– ਜਦੋਂ ਦਿੱਲੀ ਹਾਈ ਕੋਰਟ ਦੇ ਮੁੱਖ ਨਿਆਂਧੀਸ਼ ਨੇ ਉਨ੍ਹਾਂ ਨੂੰ ਵੀਡੀਓ ਵਿਖਾਈ ਤਾਂ ਜਸਟਿਸ ਵਰਮਾ ਨੇ ਇਸਨੂੰ ਇੱਕ ਸਾਜ਼ਿਸ਼ ਕਿਹਾ।
– ਦਿੱਲੀ ਹਾਈ ਕੋਰਟ ਦੇ ਮੁੱਖ ਨਿਆਂਧੀਸ਼ ਨੇ ਭਾਰਤ ਦੇ ਮੁੱਖ ਨਿਆਂਧੀਸ਼ ਨੂੰ ਭੇਜੀ ਚਿੱਠੀ ਵਿੱਚ ਇਸ ਮਾਮਲੇ ਦੀ ਗੰਭੀਰ ਜਾਂਚ ਦੀ ਲੋੜ ਦੱਸੀ ਹੈ।
– ਭਾਰਤ ਦੇ ਮੁੱਖ ਨਿਆਂਧੀਸ਼ ਦੇ ਨਿਰਦੇਸ਼ 'ਤੇ ਜਸਟਿਸ ਵਰਮਾ ਦੇ ਪਿਛਲੇ 6 ਮਹੀਨਿਆਂ ਦੇ ਕਾਲ ਰਿਕਾਰਡ ਨਿਕਾਲੇ ਗਏ ਹਨ।
– ਜਸਟਿਸ ਵਰਮਾ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਆਪਣੇ ਫੋਨ ਨੂੰ ਨਾ ਤਾਂ ਤਬਾਹ ਕਰਨ ਅਤੇ ਨਾ ਹੀ ਕਿਸੇ ਚੈਟ ਨੂੰ ਮਿਟਾਉਣ।