ਸਿੱਖ ਕਤਲੇਆਮ 'ਚ ਸ਼ਮੂਲੀਅਤ ਬਾਰੇ ਤਾਜ਼ਾ-ਤਾਜ਼ਾ ਮੁੱਖ ਮੰਤਰੀ ਬਣੇ ਕਮਲ ਨਾਥ ਦੀ ਸਫ਼ਾਈ
ਏਬੀਪੀ ਸਾਂਝਾ | 17 Dec 2018 08:16 PM (IST)
ਭੁਪਾਲ: ਕਾਂਗਰਸ ਦੇ ਦਿੱਗਜ ਨੇਤਾ ਕਮਲ ਨਾਥ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ ਹੈ। ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਹਾਲੇ ਸ਼ੁਰੂ ਵੀ ਨਹੀਂ ਸੀ ਹੋਇਆ ਕਿ ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਪੰਜ ਸਿੱਖਾਂ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਇਸ ਮਗਰੋਂ ਦਿੱਲੀ ਵਿੱਚ ਕਮਲ ਨਾਥ ਦੇ ਵਿਰੋਧ ਵਿੱਚ ਪ੍ਰਦਰਸ਼ਨ ਹੋਣ ਲੱਗਾ। ਹੁਣ ਕਮਲ ਨਾਥ ਨੇ ਆਪਣੇ ਉੱਪਰ ਲੱਗਣ ਵਾਲੇ ਇਲਜ਼ਾਮਾਂ 'ਤੇ ਸਫ਼ਾਈ ਪੇਸ਼ ਕੀਤੀ ਹੈ। ਇਸ ਦੇ ਨਾਲ ਹੀ ਕਮਲ ਨਾਥ ਨੇ ਸੂਬੇ ਦੇ ਕਿਸਾਨਾਂ ਦਾ ਦੋ ਲੱਖ ਰੁਪਏ ਤਕ ਦਾ ਫ਼ਸਲੀ ਕਰਜ਼ ਮੁਆਫ਼ ਕਰਨ ਨੂੰ ਪ੍ਰਵਾਨਗੀ ਵੀ ਦੇ ਦਿੱਤੀ ਹੈ। ਕਮਲ ਨਾਥ ਨੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣ ਕੇ ਕਿਹਾ ਹੈ ਕਿ ਉਨ੍ਹਾਂ ਵਿਰੁੱਧ ਹਾਲੇ ਤਕ ਕੋਈ ਕੇਸ ਦਰਜ ਨਹੀਂ ਹੋਇਆ ਹੈ ਅਤੇ ਨਾ ਹੀ ਕਿਸੇ ਜਾਂਚ ਏਜੰਸੀ ਨੇ ਉਨ੍ਹਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ਉਨ੍ਹਾਂ ਆਪਣੇ ਵਿਰੁੱਧ ਹੋ ਰਹੇ ਪ੍ਰਚਾਰ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ। ਕਮਲ ਨਾਥ ਨੇ ਆਪਣੀ ਸਫ਼ਾਈ ਵਿੱਚ ਸੱਜਣ ਕੁਮਾਰ ਦੀ ਸਜ਼ਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਸਬੰਧਤ ਖ਼ਬਰ- 1984 ਸਿੱਖ ਕਤਲੇਆਮ: ਜਗਦੀਸ਼ ਕੌਰ ਨੂੰ ਮਿਲੇ ਕਰੋੜਾਂ ਦੇ ਲਾਲਚ ਦਿੱਤੇ, ਪਰ ਅੱਗ ਲਾ ਕੇ ਸਾੜੇ ਪਤੀ ਤੇ ਪੁੱਤ ਦੇ ਨਿਆਂ ਲਈ ਅੜੀ ਰਹੀ ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਮਲ ਨਾਥ ਨੂੰ ਸੂਬੇ ਦਾ ਇੰਚਾਰਜ ਲਾਇਆ ਗਿਆ ਸੀ, ਜਿਸ ਦਾ ਸਿੱਖਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ। ਕਮਲ ਨਾਥ 'ਤੇ ਅੱਜ ਵੀ 1984 ਸਿੱਖ ਕਤਲੇਆਮ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਾਏ ਗਏ, ਜੋ ਲੰਮੇ ਸਮੇਂ ਤੋਂ ਲੱਗਦੇ ਆ ਰਹੇ ਹਨ। ਇਸ ਤੋਂ ਬਾਅਦ ਕਮਲਨਾਥ ਅਸਤੀਫ਼ਾ ਦੇ ਗਏ ਸਨ ਅਤੇ ਆਸ਼ਾ ਕੁਮਾਰੀ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਹੁਣ ਕਮਲ ਨਾਥ ਦੇ ਮੁੱਖ ਮੰਤਰੀ ਬਣਨ ਨਾਲ ਇਹ ਵਿਵਾਦ ਮੁੜ ਤੋਂ ਤੂਲ ਫੜ ਗਿਆ ਹੈ।