ਨਵੀਂ ਦਿੱਲੀ: ਪਹਿਲੀ ਨਵੰਬਰ 1984 ਨੂੰ ਆਪਣੇ ਪਤੀ ਤੇ ਪੁੱਤ ਦੀ ਮੌਤ ਦਾ ਦਰਦ ਸਹਿਣ ਵਾਲੀ ਜਗਦੀਸ਼ ਕੌਰ ਨੂੰ 34 ਸਾਲ ਬਾਅਦ ਆਏ ਹਾਈ ਕੋਰਟ ਦੇ ਫੈਸਲੇ ਤੋਂ ਥੋੜੀ ਜਿਹੀ ਰਾਹਤ ਤਾਂ ਜ਼ਰੂਰ ਮਿਲੀ ਪਰ ਸੰਤੁਸ਼ਟੀ ਨਹੀਂ। ਜਿਸ ਮਾਮਲੇ 'ਚ ਕਾਂਗਰਸ ਲੀਡਰ ਸੱਜਣ ਕੁਮਾਰ ਨੂੰ ਸਜ਼ਾ ਹੋਈ ਜਹਗੀਸ਼ ਕੌਰ ਉਸ ਮਾਮਲੇ 'ਚ ਮੁੱਖ ਗਵਾਹ ਹੈ।

ਜਗਦੀਸ਼ ਕੌਰ ਦਾ ਕਹਿਣਾ ਹੈ ਕਿ ਉਸ ਨੇ ਇਸ ਕਤਲੇਆਮ 'ਚ ਆਪਣਾ ਪਰਿਵਾਰ ਗਵਾਇਆ। ਉਸ ਨੇ ਕਿਹਾ ਕਿ ਪਿਤਾ ਨੇ ਆਜ਼ਾਦੀ ਦੀ ਲੜਾਈ ਲੜੀ ਤੇ ਪਤੀ ਨੇ ਦੇਸ਼ ਦੀ ਸੇਵਾ ਕੀਤੀ ਪਰ ਇਸ ਦੇ ਬਾਵਜੂਦ ਨਾ ਪਿਤਾ ਦੀ ਕੁਰਬਾਨੀ ਕੰਮ ਆਈ ਤੇ ਨਾ ਪਤੀ ਵੱਲੋਂ ਕੀਤੀ ਦੇਸ਼ ਦੀ ਸੇਵਾ। ਉਸ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਜੋ ਸਜ਼ਾ ਮਿਲੀ ਹੈ ਉਸਦੇ ਗੁਨਾਹ ਦੇ ਮੁਕਾਬਲੇ ਉਹ ਬਹੁਤ ਘੱਟ ਹੈ।



ਇਸ ਮੌਕੇ ਜਗਦੀਸ਼ ਕੌਰ ਨੇ ਇਹ ਵੀ ਖੁਲਾਸਾ ਕੀਤਾ ਕਿ ਉਸਨੂੰ ਕਰੋੜਾਂ ਰੁਪਏ ਤੇ ਵਿਦੇਸ਼ਾਂ 'ਚ ਸੈੱਟ ਕਰਨ ਦਾ ਲਾਲਚ ਵੀ ਦਿੱਤੇ ਗਏ ਤਾਂ ਜੋ ਉਹ ਗਵਾਹੀ ਤੋਂ ਮੁੱਕਰ ਜਾਵੇ ਪਰ ਉਹ ਆਪਣੇ ਫੈਸਲੇ 'ਤੇ ਡਟੀ ਰਹੀ। ਇਸ ਤੋਂ ਇਲਾਵਾ ਉਸਨੂੰ ਤੇ ਉਸਦੇ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਜਗਦੀਸ਼ ਕੌਰ ਦਾ ਮੰਨਣਾ ਹੈ ਕਿ ਅਪਰਾਧ ਬਦਲੇ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਪਾਪ ਹੈ।

ਜਗਦੀਸ਼ ਕੌਰ ਨੇ ਇਹ ਦੱਸਿਆ ਕਿ ਮੱਧ ਪ੍ਰਦੇਸ਼ ਦੇ ਨਵੇਂ ਬਣੇ ਮੁੱਖ ਮੰਤਰੀ ਕਮਲਨਾਥ ਖ਼ਿਲਾਫ਼ ਵੀ '84 ਸਿੱਖ ਕਤਲੇਆਮ 'ਚ ਸ਼ਮੂਲੀਅਤ ਬਾਰੇ ਸਬੂਤ ਮੌਜੂਦ ਹਨ। ਅੱਖਾਂ 'ਚ ਹੰਝੂ ਲਈ ਜਗਦੀਸ਼ ਕੌਰ ਨੇ ਕਿਹਾ ਕਿ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਮਿਲਣੀ ਚਾਹੀਦੀ ਹੈ।