ਰਵੀ ਇੰਦਰ ਸਿੰਘ


ਚੰਡੀਗੜ੍ਹ: 1984 ਸਿੱਖ ਕਤਲੇਆਮ ਮਾਮਲੇ ਵਿੱਚ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਵੱਲੋਂ ਸਜ਼ਾ ਸੁਣਾਈ ਜਾ ਚੁੱਕੀ ਹੈ। ਦਿੱਲੀ ਛਾਉਣੀ ਵਿੱਚ ਪੰਜ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਸੱਜਣ ਕੁਮਾਰ ਸਮੇਤ ਛੇ ਜਣਿਆਂ ਨੂੰ ਧਾਰਾ 302 ਤਹਿਤ ਦੋਸ਼ੀ ਠਹਿਰਾਇਆ ਗਿਆ ਹੈ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਸੱਜਣ ਕੁਮਾਰ ਨੂੰ ਪੰਜ ਲੱਖ ਰੁਪਏ ਜ਼ੁਰਮਾਨਾ ਵੀ ਲਾਇਆ ਹੈ। ਅਦਾਲਤ ਨੇ 31 ਦਸੰਬਰ ਤਕ ਆਤਮ ਸਮਰਪਣ ਕਰਨ ਦੇ ਹੁਕਮ ਦਿੱਤੇ ਹਨ ਅਤੇ ਉਦੋਂ ਤਕ ਦੇਸ਼ ਵਿੱਚੋਂ ਬਾਹਰ ਨਾ ਜਾਣ ਦੀ ਹਦਾਇਤ ਵੀ ਕੀਤੀ ਹੈ।

ਮੁੱਖ ਗਵਾਹ ਚਾਮ ਕੌਰ ਸਮੇਤ ਹੋਰਾਂ ਨੇ 16 ਨਵੰਬਰ ਨੂੰ ਸੱਜਣ ਕੁਮਾਰ ਦੀ ਸ਼ਨਾਖ਼ਤ ਤੇ ਸਿੱਖਾਂ ਦੇ ਕਤਲ ਵਿੱਚ ਉਸ ਦੀ ਸ਼ਮੂਲੀਅਤ 'ਤੇ ਮੋਹਰ ਲਾਈ। ਦਿੱਲੀ ਹਾਈ ਕੋਰਟ ਦੇ ਜਸਟਿਸ ਐਸ. ਮੁਰਲੀਧਰ ਤੇ ਵਿਨੋਦ ਗੋਇਲ ਦੀ ਬੈਂਚ ਨੇ ਛੇ ਜਣਿਆਂ ਨੂੰ ਸੀਬੀਆਈ ਵੱਲੋਂ ਕੀਤੀ ਜਾਂਚ ਦੇ ਆਧਾਰ 'ਤੇ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਫੈਸਲਾ ਸੁਣਾਉਂਦਿਆਂ ਕਿਹਾ, " 1947 ਵਿੱਚ ਭਾਰਤ - ਪਾਕਿਸਤਾਨ ਦੀ ਵੰਡ ਵੇਲੇ ਕਈ ਲੋਕਾਂ ਦਾ ਕਤਲੇਆਮ ਹੋਇਆ ਸੀ ਅਤੇ 37 ਸਾਲਾਂ ਬਾਅਦ ਦਿੱਲੀ 'ਚ ਫਿਰ ਤੋਂ ਉਹੀ ਕਤਲੇਆਮ ਹੋਇਆ। ਸਿਆਸੀ ਸ਼ਹਿ ਕਾਰਨ ਕਤਲੇਆਮ ਦੇ ਦੋਸ਼ੀ ਬੱਚ ਜਾਂਦੇ ਹਨ।"

ਨਾਨਾਵਤੀ ਕਮਿਸ਼ਨ ਰਿਪੋਰਟ 'ਚ ਆਇਆ ਸੀ ਸੱਜਣ ਕੁਮਾਰ ਦਾ ਨਾਂਅ-

ਸਾਲ 2000 ਵਿੱਚ ਤਤਕਾਲੀ ਵਾਜਪਾਈ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਜੀਟੀ ਨਾਨਾਵਤੀ ਨੂੰ ਕਮਿਸ਼ਨ ਬਣਾ ਕੇ ਸਿੱਖ ਕਤਲੇਆਮ ਦੀ ਰਿਪੋਰਟ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਇਸ ਇੱਕ ਮੈਂਬਰੀ ਕਮਿਸ਼ਨ ਨੇ ਸਾਲ 2005 ਵਿੱਚ ਰਿਪੋਰਟ ਸੌਂਪੀ ਸੀ, ਜਿਸ ਦੇ ਆਧਾਰ 'ਤੇ ਹੀ ਸੀਬੀਆਈ ਨੇ ਸੱਜਣ ਕੁਮਾਰ ਦਾ ਕੇਸ ਖੋਲ੍ਹਿਆ ਸੀ। ਮਾਮਲੇ ਵਿੱਚ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ, ਸਾਬਕਾ ਹਵਾਈ ਸੈਨਾ ਅਧਿਕਾਰੀ ਕੈਪਟਨ ਭਾਗਮਲ, ਗਿਰਦਾਰੀ ਲਾਲ, ਸਾਬਕਾ ਵਿਧਾਇਕ ਮਹਿੰਦਰ ਯਾਦਵ ਤੇ ਸਾਬਕਾ ਵਿਧਾਇਕ ਕਿਸ਼ਨ ਖੋਖਰ ਮੁਲਜ਼ਮ ਸਨ।

ਕੀ ਹੈ ਪੂਰਾ ਮਾਮਲਾ-

31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪਹਿਲੀ ਨਵੰਬਰ 1984 ਨੂੰ ਭੀੜ ਨੇ ਦਿੱਲੀ ਕੈਂਟ ਦੇ ਰਾਜ ਨਗਰ ਇਲਾਕੇ ਵਿੱਚ ਜਗਦੀਸ਼ ਕੌਰ ਦੇ ਘਰ ’ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਜਗਦੀਸ਼ ਕੌਰ ਦੇ ਵੱਡੇ ਪੁੱਤਰ ਤੇ ਪਤੀ ਸਣੇ ਪੰਜ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ। ਸੱਜਣ ਕੁਮਾਰ 'ਤੇ ਦੋਸ਼ ਤੈਅ ਹੋਏ ਹਨ ਕਿ ਉਹ ਵੀ ਭੀੜ ਵਿੱਚ ਸ਼ਾਮਲ ਸੀ, ਜਿਸ ਨੇ ਇਨ੍ਹਾਂ ਪੰਜ ਵਿਅਕਤੀਆਂ ਨੂੰ ਮਾਰਿਆ ਸੀ।

30 ਅਪ੍ਰੈਲ 2013 ਨੂੰ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਇਸ ਕਤਲੇਆਮ ਲਈ ਪੰਜ ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ, ਪਰ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਸੀ। ਸੀਬੀਆਈ ਨੇ ਇਸ ਫੈਸਲੇ ਵਿਰੁੱਧ ਅਪੀਲ ਵੀ ਕੀਤੀ ਸੀ। ਅਦਾਲਤ ਨੇ ਬਲਵਾਨ ਖੋਖਰ, ਕੈਪਟਨ ਭਾਗਮਲ, ਗਿਰਦਾਰੀ ਲਾਲ ਨੂੰ ਉਮਰ ਕੈਦ ਤੇ ਸਾਬਕਾ ਕਾਂਗਰਸੀ ਵਿਧਾਇਕ ਮਹਿੰਦਰ ਯਾਦਵ ਤੇ ਕਿਸ਼ਨ ਖੋਖਰ ਨੂੰ ਤਿੰਨ-ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਦੋਸ਼ੀਆਂ ਨੇ ਮਈ 2013 ਨੂੰ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਦਾ ਫੈਸਲਾ ਅੱਜ ਦਿੱਲੀ ਹਾਈਕੋਰਟ ਨੇ ਕੀਤਾ ਹੈ।

ਕੇਸ ਦੀ ਸੁਣਵਾਈ ਕਈ ਅਦਾਲਤਾਂ ਵਿੱਚ ਚੱਲੀ ਅਤੇ ਸੀਬੀਆਈ ਦੇ ਨਾਲ-ਨਾਲ ਅਦਾਲਤ ਨੇ ਸੱਜਣ ਕੁਮਾਰ ਨਾਲ ਸਬੰਧਤ ਜਾਂਚ ਦੇ ਵੇਰਵੇ ਐਸਆਈਟੀ ਤੋਂ ਵੀ ਤਲਬ ਕੀਤੇ ਸਨ। ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਤੋਂ ਇਲਾਵਾ ਸਾਬਕਾ ਵਿਧਾਇਕ ਮਹਿੰਦਰ ਯਾਦਵ ਤੇ ਕਿਸ਼ਨ ਖੋਖਰ ਦੀ ਸਜ਼ਾ ਨੂੰ 10-10 ਸਾਲ ਤਕ ਵਧਾ ਦਿੱਤਾ ਗਿਆ ਹੈ। ਕੈਪਟਨ ਭਾਗਮਲ, ਗਿਰਧਾਰੀ ਲਾਲ ਅਤੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ ਗਈ ਹੈ।